ਮੁੰਬਈ:ਆਯੂਸ਼ਮਾਨ ਖੁਰਾਨਾ, ਰਕੁਲਪ੍ਰੀਤ ਸਿੰਘ ਅਤੇ ਸ਼ੈਫਾਲੀ ਸ਼ਾਹ ਦੀ ਅਦਾਕਾਰੀ ਵਾਲੀ ਕੈਂਪਸ ਕਾਮੇਡੀ-ਡਰਾਮਾ ਫਿਲਮ ‘ਡਾਕਟਰ ਜੀ’ 17 ਜੂਨ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘ਡਾਕਟਰ ਜੀ’ ਬਣਾਉਣ ਵਾਲੀ ਕੰਪਨੀ ਜੰਗਲੀ ਪਿਕਚਰ ਨੇ ਅੱਜ ਇੰਸਟਾਗ੍ਰਾਮ ’ਤੇ ਇਸ ਦਾ ਖ਼ੁਲਾਸਾ ਕੀਤਾ। ਇਸ ਸਬੰਧੀ ਪਾਈ ਪੋਸਟ ਵਿਚ ਤਿੰਨਾਂ ਕਲਾਕਾਰਾਂ ਨੂੰ ਟੈਗ ਕੀਤਾ ਗਿਆ ਹੈ। ਇਸ ਨਾਲ ਲਿਖਿਆ ਗਿਆ ਹੈ ਕਿ ਦਰਸ਼ਕ ‘ਡਾਕਟਰ ਜੀ’ ਲਈ 17 ਜੂਨ 2022 ਦੀ ‘ਅਪੁਆਇੰਟਮੈਂਟ’ ਬੁੱਕ ਕਰਵਾ ਲੈਣ। ਇਸ ਫਿਲਮ ਰਾਹੀਂ ਬਤੌਰ ਨਿਰਦੇਸ਼ਕ ਕੰਮ ਸ਼ੁਰੂ ਕਰਨ ਵਾਲੀ ਅਨੁਭੂਤੀ ਕਸ਼ਯਪ ਨੇ ਕਿਹਾ ਕਿ ਉਹ ‘ਡਾਕਟਰ ਜੀ’ ਨੂੰ ਸਿਨੇਮਾ ਵਿੱਚ ਲਿਆਉਣ ਲਈ ਕਾਹਲੀ ਹੈ। ਫਿਲਮ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਹੁਣ ਪੂਰੀ ਟੀਮ ਫਿਲਮ ਨੂੰ ਸਿਨੇਮਾਘਰਾਂ ਵਿਚ ਪੁੱਜਦਾ ਕਰਨ ਲਈ ਡਟ ਗਈ ਹੈ। ਨਿਰਦੇਸ਼ਕ ਨੇ ਕਿਹਾ ਕਿ ਉਸ ਨੇ ਆਯੂਸ਼ਮਾਨ, ਰਕੁਲ ਅਤੇ ਸ਼ੈਫਾਲੀ ਸਣੇ ਜੰਗਲੀ ਪਿਕਚਰ ਨਾਲ ਕੰਮ ਕਰ ਕੇ ਚੰਗਾ ਲੱਗਾ ਹੈ। ਇਸ ਫਿਲਮ ਲਈ ਸਾਰੀ ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ। ਕਸ਼ਅਪ ਨੇ ‘ਡਾਕਟਰ ਜੀ’ ਦੇ ਲੇਖਕਾਂ ਸੁਮਿਤ ਸਕਸੈਨਾ, ਵਿਸ਼ਾਲ ਵਾਘ ਅਤੇ ਸੌਰਭ ਭਾਰਤ ਨਾਲ ਵੀ ਕਹਾਣੀ ’ਤੇ ਕੰਮ ਕੀਤਾ ਹੈ।