ਟੋਰਾਂਟੋ — ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਪੁਲਸ ਬੋਰਡ ਵੱਲੋਂ ਸਾਲ 2018 ਲਈ 1.005 ਬਿਲੀਅਨ ਡਾਲਰ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਲਗਾਤਾਰ ਦੂਜੇ ਸਾਲ ਇਸ ਦੇ ਵਾਧੇ ਨੂੰ ਸੀਮਤ ਕਰ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਪੁਲਸ ਬਜਟ ਮਹਿੰਗਾਈ ਦੀ ਦਰ ਤੋਂ ਦੁੱਗਣੀ ਦਰ ਉੱਤੇ ਵੱਧਦਾ ਰਿਹਾ ਹੈ ਤੇ 2016 ‘ਚ ਇਸ ਨੇ ਬਿਲੀਅਨ ਡਾਲਰਾਂ ਦਾ ਅੰਕੜਾ ਪਾਰ ਕਰ ਲਿਆ ਸੀ, ਜੋ ਕਿ ਇੱਕ ਦਹਾਕਾ ਪਹਿਲਾਂ ਨਾਲੋਂ 28 ਫੀਸਦੀ ਵਧ ਸੀ। ਇਸ ਨਾਲ ਸਿਟੀ ਦੇ ਖਰਚੇ ਵੀ ਵਧ ਗਏ ਤੇ ਪਿਛਲੇ ਸਾਲਾਂ ਵਿੱਚ ਕਾਉਂਸਲ ਨਾਲ ਹੋਣ ਵਾਲੇ ਝਗੜਿਆਂ ਵਿੱਚ ਵੀ ਵਾਧਾ ਹੋਇਆ। ਕੌਂਸਲ ਨੇ ਸਿਟੀ ਡਿਪਾਰਟਮੈਂਟਸ ਅਤੇ ਏਜੰਸੀਆਂ ਲਈ 2018 ‘ਚ ਬਜਟ ਵਾਧਾ ਜ਼ੀਰੋ ਫੀਸਦੀ ਰੱਖਿਆ ਹੈ। 
ਟੋਰਾਂਟੋ ਪੁਲਸ ਸਰਵਿਸ ਨੇ ਪਹਿਲਾਂ ਇਹ ਪੇਸ਼ੀਨਿਗੋਈ ਕੀਤੀ ਸੀ ਕਿ ਉਨ੍ਹਾਂ ਨੂੰ 2018 ਵਿੱਚ ਤਨਖਾਹਾਂ ਤੇ ਹੋਰ ਬੈਨੇਫਿਟ ਸੈਟਲਮੈਂਟਸ ਲਈ 2017 ਦੇ ਬਜਟ ਦੇ ਮੁਕਾਬਲੇ 3.7 ਫੀਸਦੀ ਵਾਧਾ ਜਾਂ 37.6 ਮਿਲੀਅਨ ਡਾਲਰ ਹੋਰ ਚਾਹੀਦੇ ਹੋਣਗੇ। ਜ਼ਿਕਰਯੋਗ ਹੈ ਕਿ 2016 ‘ਚ ਪੁਲਸ ਸਰਵਿਸ ਦੇ ਆਧੁਨਿਕੀਕਰਨ ਲਈ ਇੱਕ ਟਾਸਕ ਫੋਰਸ ਕਾਇਮ ਕੀਤੀ ਗਈ। ਜਿਸ ਨੇ ਤਿੰਨ ਸਾਲਾਂ ਦੇ ਅਰਸੇ ਵਿੱਚ ਨਵੀਂ ਭਰਤੀ ਉੱਤੇ ਰੋਕ ਲਗਾ ਕੇ ਸਮਾਂ ਪੈਣ ਦੇ ਨਾਲ-ਨਾਲ ਪੁਲਸ ਅਧਿਕਾਰੀਆਂ ਦੀ ਗਿਣਤੀ ਘਟਾਉਣ ਦੀ ਸਿਫਾਰਿਸ਼ ਕੀਤੀ ਤਾਂ ਕਿ 2010 ਵਿੱਚ 5,615 ਦੇ ਮੁਕਾਬਲੇ 2020 ਤੱਕ 4,750 ਵਰਦੀਧਾਰੀ ਅਧਿਕਾਰੀ ਹੀ ਰਹਿ ਜਾਣ।
ਇਸ ਦੇ ਨਾਲ ਹੀ ਪੁਲਸ ਸਰਵਿਸ ਖਾਲੀ ਸਿਵਲੀਅਨ ਪੁਜੀਸ਼ਨਜ਼ ਵੀ ਨਹੀਂ ਭਰ ਰਹੀ। ਪੁਲਸ ਸਰਵਿਸ ਦੇ ਸੀ.ਏ.ਓ. ਟੋਨੀ ਵੈਨੇਜ਼ਿਆਨੋ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਪੁਲਸ ਸਰਵਿਸ ਵੱਲੋਂ ਸਿਟੀ ਦਾ ਜ਼ੀਰੋ ਫੀਸਦੀ ਵਾਲਾ ਟੀਚਾ ਪੂਰਾ ਕਰ ਲਿਆ ਜਾਵੇਗਾ ਪਰ ਆਉਣ ਵਾਲੇ ਸਾਲਾਂ ਵਿੱਚ ਬਜਟ ‘ਚ ਵਾਧਾ ਕੀਤੇ ਬਿਨਾਂ ਸਰਨ ਵਾਲਾ ਨਹੀਂ ਹੈ।