ਦੁਬਈ, ਭਾਰਤ ਦੇ ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਅੱਜ ਜਾਰੀ ਤਾਜ਼ਾ ਆਈਸੀਸੀ ਟੈੱਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਵਿੱਚ ਕ੍ਰਮਵਾਰ ਆਪਣੇ ਚੌਥੇ ਅਤੇ ਪੰਜਵੇਂ ਸਥਾਨ ’ਤੇ ਕਾਇਮ ਹਨ। ਹਾਲਾਂਕਿ ਕਿ ਨੌਜਵਾਨ ਬੱਲੇਬਾਜ਼ ਲੋਕੇਸ਼ ਰਾਹੁਲ ਇੱਕ ਸਥਾਨ ਖਿਸਕ ਕੇ 10ਵੇਂ ਸਥਾਨ ’ਤੇ ਪੁਜ ਗਿਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਆਸਟਰੇਲੀਅਨ ਕਪਤਾਨ ਸਟੀਵ ਸਮਿਥ ਸਿਖਰ ’ਤੇ ਕਾਇਮ ਹੈ, ਉਸ ਤੋਂ ਬਾਅਦ ਇੰਗਲੈਂਡ ਦਾ ਕਪਤਾਨ ਜੋਅ ਰੂਟ ਅਤੇ ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਹੈ।

ਭਾਰਤੀ ਗੇਂਦਬਾਜ਼ਾਂ ਵਿੱਚ ਸੱਜੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਨੇ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਜੇਮਜ਼ ਐਂਡਰਸਨ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਤੋਂ ਬਾਅਦ ਅਸ਼ਵਿਨ, ਸ੍ਰੀਲੰਕਾ ਦੇ ਰੰਗਨਾ ਹੈਰਾਥ ਅਤੇ ਆਸਟਰੇਲੀਆ ਦੇ ਜੋਸ ਹੇਜ਼ਲਵੁੱਡ ਦਾ ਨਾਂ ਸ਼ਾਮਲ ਹੈ। ਜਡੇਜਾ (ਦੂਜੇ) ਅਤੇ ਅਸ਼ਵਿਨ (ਤੀਜੇ) ਵੀ ਹਰਫਨਮੌਲਾ ਰੈਂਕਿੰਗ ਵਿੱਚ ਸਿਖਰਲੇ ਪੰਜ ਖਿਡਾਰੀਆਂ ਵਿੱਚ ਸ਼ਾਮਲ ਹਨ। ਇਸ ਵਰਗ ਵਿੱਚ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਸਿਖਰ ’ਤੇ ਹੈ, ਜਿਸ ਨੇ ਆਸਟਰੇਲੀਆ ’ਤੇ ਸ਼ੁਰੂਆਤੀ ਟੈਸਟ ਵਿੱਚ ਇਤਿਹਾਸਕ ਜਿੱਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਪਣਾ ਸਥਾਨ ਮਜ਼ਬੂਤ ਕਰ ਲਿਆ ਹੈ।

ਹੋਰਨਾਂ ਖਿਡਾਰੀਆਂ ਵਿੱਚ ਵੈਸਟ ਇੰਡੀਜ਼ ਦੇ ਕ੍ਰੈਗ ਬਰੈਥਵੇਟ ਅਤੇ ਸ਼ਾਈ ਹੋਪ ਨੇ ਲੀਡਜ਼ ਵਿੱਚ ਬਿਹਤਰੀਨ ਪ੍ਰਦਰਸ਼ਨ ਨਾਲ ਟੈਸਟ ਖਿਡਾਰੀਆਂ ਦੀ ਰੈਂਕਿੰਗ ਵਿੱਚ ਆਪਣੇ ਕਰੀਅਰ ਦਾ ਸਰਬੋਤਮ ਸਥਾਨ ਹਾਸਲ ਕੀਤਾ, ਜਿਸ ਨਾਲ ਵੈਸਟ ਇੰਡੀਜ਼ ਨੇ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰ ਕੇ ਲੜੀ ਬਰਾਬਰ ਕੀਤੀ। ਸਲਾਮੀ ਬੱਲੇਬਾਜ਼ ਬਰੈਥਵੇਟ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਵਿੱਚ 134 ਅਤੇ 95 ਦੌੜਾਂ ਦੀ ਪਾਰੀਆਂ ਸਦਕਾ 14 ਸਥਾਨ ਉਪਰ ਜਾ ਕੇ 16ਵੇਂ ਸਥਾਨ ’ਤੇ ਪੁਜ ਗਿਆ ਹੈ ਜਦਕਿ ਹੋਪ ਨੇ 147 ਅਤੇ ਨਾਬਾਦ 118 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਨਾਲ ਉਹ 60 ਸਥਾਨਾਂ ਦੇ ਫਾਇਦੇ ਨਾਲ 42ਵਾਂ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਿਹਾ।