ਸ਼ੈਨਜ਼ੈਨ (ਚੀਨ), 3 ਜਨਵਰੀ
ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਇੱਕ ਸੈੱਟ ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਅਮਰੀਕਾ ਦੀ ਐਲੀਸਨ ਰਿਸਕੇ ਨੂੰ ਹਰਾ ਕੇ ਅੱਜ ਸ਼ੈਨਜ਼ੈਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰਨ ਪਹਿਲੀ ਜਿੱਤ ਦੀ ਉਮੀਦ ਕਰ ਰਹੀ ਐਲੀਸਨ ਨੇ ਜਬਰਦਸਤ ਟੱਕਰ ਦਿੱਤੀ ਪਰ ਰੂਸ ਦੀ ਸ਼ਾਰਾਪੋਵਾ ਨੇ ਢਾਈ ਘੰਟਿਆਂ ਤੋਂ ਕੁੱਝ ਘੱਟ ਸਮੇਂ ਵਿੱਚ 3-6, 6-4, 6-2 ਨਾਲ ਮੈਚ ਜਿੱਤ ਲਿਆ। ਐਲੀਸਨ ਵੱਲੋਂ ਸ਼ੁਰੂਆਤੀ ਗੇੜ ਵਿੱਚ ਲੀਡ ਹਾਸਲ ਕਰ ਲੈਣ ਦੇ ਬਾਵਜੂਦ 34 ਵਿਨਰ ਲਾਏ ਜੋ ਵਿਰੋਧੀ ਖਿਡਾਰੀ ਤੋਂ ਕਰੀਬ ਤਿੰਨ ਗੁਣਾ ਵੱਧ ਰਹੇ।
ਦੁਨੀਆਂ ਦੀ 59ਵੇਂ ਨੰਬਰ ਦੀ ਖਿਡਾਰਨ ਸ਼ਾਰਾਪੋਵਾ ਨੇ 11 ਏਸ ਵੀ ਲਾਏ ਅਤੇ ਦਸ ਵਿੱਚੋਂ ਸੱਤ ਬਰੇਕ ਪੁਆਇੰਟ ਬਚਾਉਣ ਵਿੱਚ ਸਫਲ ਰਹੀ। ਫਰੈਂਚ ਓਪਨ ਚੈਂਪੀਅਨ ਅਤੇ ਦੂਜਾ ਦਰਜਾ ਯੇਲੇਨਾ ਓਸਤਾਪੈਂਕੋ ਨੂੰ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਦੇ ਖਿਲਾਫ਼ 1-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।