ਦੀਨਾਨਗਰ, 22 ਨਵੰਬਰ: ਇੱਥੋਂ ਦੇ ਘਰੋਟਾ ਮੋੜ ’ਤੇ ਮਿਨੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ, ਜਦੋਂਕਿ 20 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਪੰਜ ਸਵਾਰੀਆਂ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਪਛਾਣ ਕਾਲਾ ਉਰਫ਼ ਕਾਲੂ (35 ਸਾਲ) ਪੁੱਤਰ ਓਮ ਪ੍ਰਕਾਸ਼ ਵਾਸੀ ਮਰਾੜਾ ਦਬੁਰਜੀ (ਦੀਨਾਨਗਰ) ਵਜੋਂ ਹੋਈ ਹੈ।
ਹਾਦਸੇ ਦੇ ਚਸ਼ਮਦੀਦ ਦੁਕਾਨਦਾਰ ਮਦਨ ਲਾਲ ਜੀਤਾ ਨੇ ਦੱਸਿਆ ਕਿ ਸੈਣੀ ਮਿਨੀ ਬੱਸ ਬਾਅਦ ਦੁਪਹਿਰ 3 ਵਜੇ ਦੀਨਾਨਗਰ ਬੱਸ ਅੱਡੇ ਤੋਂ ਸਵਾਰੀਆਂ ਲੈ ਕੇ ਘਰੋਟਾ ਮੋੜ ਨੇੜੇ ਪੁੱਜੀ ਤਾਂ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਲਪੇਟ ਵਿੱਚ ਲੈ ਲਿਆ। ਟਰੱਕ ਬੱਸ ਨੂੰ ਘੜੀਸਦਾ ਹੋਇਆ ਮੋੜ ’ਤੇ ਬਣੇ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਯਾਦਗਾਰੀ ਗੇਟ ਨਾਲ ਜਾ ਵੱਜਾ, ਜਿਸ ਕਾਰਨ ਗੇਟ ਪੂਰੀ ਤਰ੍ਹਾਂ ਨਾਲ ਟੁੱਟ ਗਿਆ। ਹਾਦਸੇ ਕਾਰਨ ਬੱਸ ਕੰਡਕਟਰ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਸਕੂਲੀ ਬੱਚਿਆਂ ਸਮੇਤ 20 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਅਭਿਸ਼ੇਕ ਕੁਮਾਰ, ਕਸ਼ਮੀਰ ਚੰਦ ਤੇ ਸੁਖਦੇਵ ਨੂੰ ਨਾਜ਼ੁਕ ਹਾਲਤ ਕਾਰਨ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।