ਟੋਰਾਂਟੋ : ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਾਲੇ ਬਿਆਨ ਤੇ ਟਰੰਪ ਨੂੰ ਮੋੜਵਾਂ ਜਵਾਬ ਦਿੰਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼ ਕਰ ਦਿੱਤੀ। ਡਗ ਫੋਰਡ ਨੇ ਕਿਹਾ, ‘‘ਜੇ ਅਸੀਂ ਅਲਾਸਕਾ ਖਰੀਦ ਲਈਏ ਅਤੇ ਇਸ ਦੇ ਨਾਲ ਹੀ ਮਿਨੇਸੋਟਾ ਵੱਲ ਵੀ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਕਿਵੇਂ ਰਹੇਗਾ?’’
ਦੱਸ ਦੇਈਏ ਕਿ ਓਨਟਾਰੀਓ ਦੇ ਪ੍ਰੀਮੀਅਰ ਇਸ ਤੋਂ ਪਹਿਲਾਂ ਅਮਰੀਕਾ ਦੀ ਸ਼ਰਾਬ ’ਤੇ ਪਾਬੰਦੀ ਲਾਉਣ ਅਤੇ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਬੰਦ ਕਰਨ ਦੀਆਂ ਗੱਲਾਂ ਕਰ ਚੁੱਕੇ ਹਨ ਪਰ ਕੈਨੇਡਾ ਦੇ ਕਈ ਸੂਬੇ ਉਨ੍ਹਾਂ ਨਾਲ ਸਹਿਮਤ ਨਜ਼ਰ ਨਹੀਂ ਆਏ। ਡਗ ਫੋਰਡ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ ਵਿਚ ਸਿਆਸੀ ਉਥਲ ਪੁਥਲ ਦੇ ਬਾਵਜੂਦ ਫੈਡਰਲ ਅਧਿਕਾਰੀਆਂ ਦਾ ਧਿਆਨ ਅਮਰੀਕਾ ਵੱਲੋਂ ਆ ਰਹੇ ਟੈਕਸਾਂ ਦੇ ਖਤਰੇ ਵੱਲ ਕੇਂਦਰਤ ਰਹੇਗਾ। ਜੇਕਰ ਫਿਰ ਵੀ ਅਮਰੀਕਾ ਵੱਲੋਂ ਸਖ਼ਤ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਸਰਕਾਰ ਕੋਲ ਜਵਾਬੀ ਯੋਜਨਾ ਹੋਣੀ ਲਾਜ਼ਮੀ ਹੈ। ਡਗ ਫ਼ੋਰਡ ਨੇ ਇਸ ਤੋਂ ਇਲਾਵਾ ਅੱਗੇ ਕਿਹਾ ਕਿ ਜਸਟਿਨ ਟਰੂਡੋ ਹਾਲੇ ਵੀ ਇਕ ਜਾਂ ਦੋ ਮਹੀਨੇ ਪ੍ਰਧਾਨ ਮੰਤਰੀ ਰਹਿਣਗੇ ਅਤੇ ਉਨ੍ਹਾਂ ਨੂੰ ਕੈਨੇਡੀਅਨ ਪ੍ਰੀਮੀਅਰਜ਼ ਨਾਲ ਆਹਮੋ ਸਾਹਮਣੀ ਮੀਟਿੰਗ ਕਰਦਿਆਂ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।