ਚੰਡੀਗੜ੍ਹ, 4 ਮਾਰਚ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਰਵੱਈਏ ਦਾ ਮੁੱਦਾ ਅਗਲੇ ਦਿਨੀਂ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਚੁੱਕੇਗੀ। ‘ਆਪ’ ਦੇ ਵਿਧਾਇਕ ਐਡਵੋਕੇਟ ਐੱਚ ਐੱਸ ਫੂਲਕਾ ਨੇ ਇਸ ਮਾਮਲੇ ’ਤੇ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ ਅਤੇ ਮਤਾ ਵਿਧਾਨ ਸਭਾ ਦੇ ਦਫ਼ਤਰ ਨੂੰ ਮੁਹੱਈਆ ਕਰ ਦਿੱਤਾ ਹੈ। ਮਤੇ ਵਿੱਚ ਕੈਪਟਨ ਸਰਕਾਰ ’ਤੇ ਗੰਭੀਰ ਦੋਸ਼ ਲਾਏ ਹਨ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀਆਂ ਮੰਗਾਂ ਰੱਖਣ ਦੇ ਉਲਟ ਪਰਵਾਸੀਆਂ ਲਈ ਨਵੇਂ ਖ਼ਤਰੇ ਖੜ੍ਹੇ ਕੀਤੇ ਗਏ ਹਨ। ਹਲਕਾ ਦਾਖਾ ਦੇ ਵਿਧਾਇਕ ਸ੍ਰੀ ਫੂਲਕਾ ਨੇ ਮਤੇ ਵਿੱਚ ਦੋਸ਼ ਲਾਇਆ ਹੈ ਕਿ ਟਰੂਡੋ ਦੀ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਬੇਸਮਝੀ ਵਾਲੇ ਵਤੀਰੇ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹਰ ਸਾਲ 80 ਤੋਂ 90 ਹਜ਼ਾਰ ਪੰਜਾਬੀ ਪਰਵਾਸ ਕਰਦੇ ਹਨ। ਇਨ੍ਹਾਂ ਵਿੱਚੋਂ 40 ਤੇ 50 ਹਜ਼ਾਰ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਆਧਾਰ ’ਤੇ ਕੈਨੇਡਾ ਜਾ ਕੇ ਆਪਣਾ ਭਵਿੱਖ ਸਵਾਰਨ ਦਾ ਸੁਪਨਾ ਲੈਂਦੇ ਹਨ। ਇਸ ਤੋਂ ਇਲਾਵਾ 40 ਤੋਂ 50 ਹਜ਼ਾਰ ਦੇ ਕਰੀਬ ਪੰਜਾਬੀ ਫੈਮਿਲੀ ਵੀਜ਼ਾ ਜਾਂ ਪੀਆਰ ਦੇ ਆਧਾਰ ’ਤੇ ਕੈਨੇਡਾ ਵਸਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਪਟਨ ਸਰਕਾਰ ਦਾ ਰਵੱਈਆ ਕੈਨੇਡਾ ਵਿੱਚ ਪਰਵਾਸ ਕਰ ਗਏ ਜਾਂ ਪਰਵਾਸ ਕਰਨ ਲਈ ਯਤਨਸ਼ੀਲ ਪੰਜਾਬੀਆਂ ’ਤੇ ਮਾੜਾ ਅਸਰ ਪਾ ਸਕਦਾ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖ਼ਾਲਿਸਤਾਨ ਦਾ ਮੁੱਦਾ ਲਗਪਗ ਖਤਮ ਹੋ ਚੁੱਕਾ ਹੈ, ਪਰ ਕੈਪਟਨ ਸਰਕਾਰ ਦੇ ਗ਼ਲਤ ਵਤੀਰੇ ਕਾਰਨ ਇਹ ਮੁੱਦਾ ਬਿਨਾਂ ਕਾਰਨ ਹੀ ਸੰਸਾਰ ਭਰ ਵਿੱਚ ਚਰਚਾ ’ਚ ਆ ਗਿਆ ਹੈ, ਜਿਸ ਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਪਵੇਗਾ। ਸ੍ਰੀ ਫੂਲਕਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਖ਼ਾਲਿਸਤਾਨ ਦਾ ਮੁੱਦਾ ਇਸ ਪੱਧਰ ’ਤੇ ਕਦੇ ਵੀ ਚਰਚਾ ਵਿੱਚ ਨਹੀਂ ਰਿਹਾ ਸੀ ਅਤੇ ਉਹ ਪੰਜਾਬ ਸਰਕਾਰ ਦੇ ਇਸ ਰਵੱਈਏ ਅਤੇ ਟਰੂਡੋ ਦੀ ਫੇਰੀ ਨੂੰ ਵਿਵਾਦਾਂ ਵਿੱਚ ਘੇਰਨ ਲਈ ਘੜੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਹੋਰ ਵੀ ਕਈ ਫਰੰਟਾਂ ’ਤੇ ਮੋਰਚਾ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਫ਼ਤਰ ਵਿੱਚ ਦਾਖ਼ਲ ਮਤੇ ਰਾਹੀਂ ਉਹ ਵਿਧਾਨ ਸਭਾ ਵਿੱਚ ਮੰਗ ਕਰਨਗੇ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਘਰ ਵਰਗਾ ਮਾਹੌਲ ਦੇਣ ਵਾਲੀ ਕੈਨੇਡਾ ਸਰਕਾਰ ਲਈ ਧੰਨਵਾਦ ਮਤਾ ਪਾਸ ਕੀਤਾ ਜਾਵੇ। ਇਸ ਤੋਂ ਇਲਾਵਾ ਮੰਗ ਕੀਤੀ ਜਾਵੇਗੀ ਕਿ ਵਿਧਾਨ ਸਭਾ ਵੱਲੋਂ ਕੈਪਟਨ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਕੈਨੇਡਾ ਤੋਂ ਮੰਤਰੀ ਜਾਂ ਅਧਿਕਾਰੀ ਪੱਧਰ ਦੇ ਪੰਜਾਬ ਵਿੱਚ ਆਉਂਦੇ ਵਫ਼ਦਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ।