ਨਵੀਂ ਦਿੱਲੀ, 23 ਫਰਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ ਟਰੂਡੋ ਦੇ ਦਫ਼ਤਰ ਅਤੇ ਮੋਦੀ ਸਰਕਾਰ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਸਾਹਮਣੇ ਆਇਆ ਕਿ ਮਹਿਮਾਨ ਵਫ਼ਦ ਦੇ ਅਧਿਕਾਰਤ ਸਮਾਗਮਾਂ ਵਿੱਚ ਕੈਨੇਡਾ ਤੋਂ ਪੁੱਜਾ ਹੋਇਆ ਇਕ ਸਜ਼ਾਯਾਫ਼ਤਾ ਖ਼ਾਲਿਸਤਾਨੀ ਵੀ ਹਿੱਸਾ ਲੈ ਰਿਹਾ ਹੈ। ਉਸ ਦੀ ਪਛਾਣ ਜਸਪਾਲ ਅਟਵਾਲ ਵਜੋਂ ਹੋਈ ਹੈ। ਉਹ ਨਾ ਸਿਰਫ਼ ਬੀਤੇ ਦਿਨੀਂ ਮੁੰਬਈ ਵਿੱਚ ਕੈਨੇਡੀਅਨ ਵਫ਼ਦ ਦੇ ਸਮਾਗਮਾਂ ਵਿੱਚ ਸ਼ਾਮਲ ਸੀ, ਸਗੋਂ ਅੱਜ ਰਾਤ ਇਥੇ ਕੈਨੇਡੀਅਨ ਹਾਈ ਕਮਿਸ਼ਨ ਵਿੱਚ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸ੍ਰੀ ਟਰੂਡੋ ਦੇ ਮਾਣ ਵਿੱਚ ਦਿੱਤੇ ਰਾਤਰੀ ਭੋਜ ਲਈ ਵੀ ਉਸ ਨੂੰ ਸੱਦਾ ਦਿੱਤਾ ਗਿਆ ਸੀ। ਵਿਵਾਦ ਪੈਦਾ ਹੋਣ ’ਤੇ ਇਹ ਸੱਦਾ ਰੱਦ ਕਰ ਦਿੱਤਾ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ‘ਪਤਾ’ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਆਉਣ ਲਈ ਵੀਜ਼ਾ ਕਿਵੇਂ ਜਾਰੀ ਹੋਇਆ।
ਇਸ ਮਾਮਲੇ ਵਿੱਚ ਆਪਣੇ ਪੱਖ ਤੋਂ ਹੋਈ ਗ਼ਲਤੀ ਕਬੂਲਦਿਆਂ ਸ੍ਰੀ ਟਰੂਡੋ ਨੇ ਕਿਹਾ, ‘‘ਯਕੀਨਨ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਸਬੰਧਤ ਵਿਅਕਤੀ ਨੂੰ ਹਰਗਿਜ਼ ਸੱਦਾ ਨਹੀਂ ਸੀ ਮਿਲਣਾ ਚਾਹੀਦਾ।’’ ਇਥੇ ਇਕ ਸਮਾਗਮ ਦੌਰਾਨ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਇਕ ਐਮਪੀ ਨੇ ਸ਼ਾਮਲ ਕਰਵਾਇਆ, ਜਿਸ ਨੂੰ ਇਸ ਲਈ ‘ਜਵਾਬ ਦੇਣਾ’ ਪਵੇਗਾ। ਸ੍ਰੀ ਟਰੂਡੋ ਨੇ ਅਟਵਾਲ ਨਾਲ ਆਪਣੇ ਸਬੰਧਾਂ ਬਾਰੇ ਟਿੱਪਣੀ ਨਹੀਂ ਕੀਤੀ, ਜਿਨ੍ਹਾਂ ਦੀਆਂ ਕੈਨੇਡਾ ਵਿੱਚ ਉਨ੍ਹਾਂ (ਸ੍ਰੀ ਟਰੂਡੋ) ਨਾਲ ਤਸਵੀਰਾਂ ਨਸ਼ਰ ਹੋਈਆਂ ਹਨ। ਬੀਤੇ ਮੰਗਲਵਾਰ ਨੂੰ ਮੁੰਬਈ ’ਚ ਵੀ ਉਹ ਸ੍ਰੀ ਟਰੂਡੋ ਦੀ ਪਤਨੀ ਤੇ ਉਨ੍ਹਾਂ ਦੇ ਮੰਤਰੀਆਂ ਨਾਲ ਦਿਖਾਈ ਦਿੱਤਾ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ‘ਪਤਾ’ ਲਾ ਰਹੀ ਹੈ ਕਿ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅਟਵਾਲ ਨੂੰ ਵੀਜ਼ਾ ਕਿਵੇਂ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ, ‘‘ਇਸ (ਸਮੁੱਚੇ) ਮਾਮਲੇ ਦੇ ਦੋ ਪਹਿਲੂ ਹਨ। ਪਹਿਲਾ ਸਮਾਗਮ ਵਿੱਚ ਉਸ ਦੀ ਮੌਜੂਦਗੀ ਦਾ ਮਾਮਲਾ, ਜੋ ਕੈਨੇਡਾ ਨੇ ਹੱਲ ਕਰਨਾ ਹੈ। ਉਨ੍ਹਾਂ (ਕੈਨੇਡਾ) ਮੁਤਾਬਕ ਅਜਿਹਾ ਬੇਧਿਆਨੀ ’ਚ ਹੋਇਆ। …ਜਿਥੋਂ ਤੱਕ ਵੀਜ਼ੇ ਦਾ ਮਾਮਲਾ ਹੈ, ਅਸੀਂ ਪਤਾ ਲਾ ਰਹੇ ਹਾਂ ਕਿ ਅਜਿਹਾ ਕਿਵੇਂ ਵਾਪਰਿਆ।’’ ਅਟਵਾਲ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਜੋ ਕੇਸ ਸਨ, ਉਨ੍ਹਾਂ ਲਈ ਉਹ ਸਜ਼ਾ ਭੁਗਤ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਭਾਰਤ ’ਚ ਉਸ ਖ਼ਿਲਾਫ਼ ਕੋਈ ਕੇਸ ਦਰਜ ਹੋਣ ਬਾਰੇ ਜਾਣਕਾਰੀ ਨਹੀਂ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਨ੍ਹਾਂ ਦੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਖ਼ਾਲਿਸਤਾਨ ਦਾ ਮੁੱਦਾ ਉਠਿਆ ਸੀ। ਉਨ੍ਹਾਂ ਕਿਹਾ, ‘‘ਕੈਨੇਡਾ ਆਪਣੀ ਵਿਦੇਸ਼ ਨੀਤੀ ਤਹਿਤ ਮਜ਼ਬੂਤ ਤੇ ਇਕਮੁੱਠ ਭਾਰਤ ਦੀ ਹਮਾਇਤ ਕਰਦਾ ਹੈ।… ਪਰ ਕੈਨੇਡਾ ਵਿੱਚ ਅਸੀਂ ਆਪਣੀ ਅਨੇਕਤਾ ਉਤੇ ਭਾਰਤ ਵਾਂਗ ਹੀ ਮਾਣ ਕਰਦੇ ਹਾਂ।’’
ਮੇਰੇ ਪਿਛੋਕੜ ਨੂੰ ਉਛਾਲਣਾ ਗ਼ੈਰਵਾਜਿਬ: ਅਟਵਾਲ
ਟੋਰਾਂਟੋ: ਸਜ਼ਾਯਾਫਤਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਕਿਹਾ ਕਿ 1986 ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਮਿਲੀ ਸ਼ਜਾ ਨੂੰ ਹੁਣ ਉਛਾਲਣਾ ਗੈਰਵਾਜਿਬ ਹੈ। ਉਨ੍ਹਾਂ ਇਸ ਮਾਮਲੇ ਨੂੰ ਉਛਾਲਣ ਪਿੱਛੇ ਆਪਣੇ ਦੁਸ਼ਮਣਾਂ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਪ ਹੀ ਭਾਰਤ ਆਇਆ ਹੈ ਤੇ ਉਹ ਕਿਸੇ ਸਰਕਾਰੀ ਵਫ਼ਦ ਦਾ ਮੈਂਬਰ ਨਹੀਂ।