ਟੋਰਾਂਟੋ/ਵਾਸ਼ਿੰਗਟਨ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਚਾਰ ਦਿਨਾਂ ਦੇ ਅਮਰੀਕਾ-ਮੈਕਸੀਕੋ ਦੌਰੇ ‘ਤੇ ਹਨ। ਟਰੂਡੋ ਇਸ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਕੇ ਨਾਫਟਾ ਲਈ ਬਿਹਤਰ ਰਸਤਾ ਤਲਾਸ਼ਣ ਲਈ ਚਰਚਾ ਕਰਨਗੇ।
ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਾਈਟ ਹਾਊਸ ‘ਚ ਅੱਜ ਮੁਲਾਕਾਤ ਕਰਨਗੇ ਤਾਂ ਕਿ ਵਾਈਟ ਹਾਊਸ ਤੋਂ ਕੁਝ ਹੀ ਕਿਲੋਮੀਟਰ ਦੂਰ ਹੋਣ ਵਾਲੀ ਵਪਾਰਕ ਬੈਠਕ ਦਾ ਰਸਤਾ ਸਾਫ ਹੋ ਸਕੇ। ਇਸ ਤੋਂ ਪਹਿਲਾਂ ਟਰੰਪ ਨੇ ਕਈ ਵਾਰ ਸੰਕੇਤ ਦਿੱਤੇ ਹਨ ਕਿ ਇਸ ਸੌਦੇ ਤੋਂ ਪਹਿਲਾਂ ਇਸ ‘ਤੇ ਚਰਚਾ ਕਰਨੀ ਜਰੂਰੀ ਹੈ। 
ਕੈਨੇਡਾ ਦੇ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਡੀਸੀ ਪਹੁੰਚੇ। ਬੁੱਧਵਾਰ ਨੂੰ ਵਪਾਰਕ ਮੁੱਦਿਆਂ ‘ਤੇ ਚਰਚਾ ਤੋਂ ਪਹਿਲਾਂ ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨ ਲਈ ਇਕ ਸੰਮੇਲਨ ‘ਚ ਹਿੱਸਾ ਲਿਆ। ਸੰਮੇਲਨ ‘ਚ ਟਰੂਡੋ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਾਂਝੇ ਲਾਭਾਂ ਦੀ ਰਾਹ ਲੱਭਣ ਲਈ ਉਹ ਤੇ ਟਰੰਪ ਮੀਟਿੰਗ ‘ਚ ਵਿਚਾਰ ਕਰਨਗੇ। ਵੀਰਵਾਰ ਨੂੰ ਜਸਟਿਨ ਟਰੂਡੋ ਮੈਕਸੀਕੋ ਲਈ ਰਵਾਨਾ ਹੋਣਗੇ, ਜੋ ਕਿ ਉਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਹੈ।