ਕੋਲਕਾਤਾ, 18 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਹੁਗਲੀ ਨਦੀ ਦੇ ਤੱਟ ’ਤੇ ਗਾਰਡਨ ਰੀਚ ਸ਼ਿਪਬਿਲਡਰ ਇੰਜਨੀਅਰਜ ਲਿਮਟਿਡ (ਜੀਆਰਏਐੱਸਈ) ਕੇਂਦਰ ’ਚ ਭਾਰਤੀ ਜਲ ਸੈਨਾ ਦੇ ‘ਪ੍ਰਾਜੈਕਟ 17 ਅਲਫ਼ਾ’ ਤਹਿਤ ਤਿਆਰ ਛੇੇਵੇਂ ਜੰਗੀ ਬੇੜੇ ‘ਵਿੰਧਿਆਗਿਰੀ’ ਨੂੰ ਪਾਣੀਆਂ ਵਿੱਚ ਲਾਂਚ ਕੀਤਾ ਤੇ ਇਸ ਨੂੰ ਆਤਮਨਿਰਭਰ ਭਾਰਤ ਦਾ ਪ੍ਰਤੀਕ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਆਧੁਨਿਕ ਜੰਗੀ ਬੇੜੇ ਦਾ ਨਿਰਮਾਣ ‘ਆਤਮਨਿਰਭਰ ਭਾਰਤ’ ਅਤੇ ਦੇਸ਼ ਦੇ ਤਕਨੀਕੀ ਤਰੱਕੀ ਦਾ ਪ੍ਰਤੀਕ ਹੈ। ਅਜਿਹੇ ਪ੍ਰਾਜੈਕਟ ਭਾਰਤ ਦੀ ‘‘ਆਤਮਨਿਰਭਰਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਵਚਨਬੱਧਤਾ’’ ਨੂੰ ਦਰਸਾਉਂਦੇ ਹਨ। ਰਾਸ਼ਟਰਪਤੀ ਨੇ ਆਖਿਆ, ‘‘ਮੈਂ, ਵਿੰਧਿਆਗਿਰੀ ਨੂੰ ਲਾਂਚ ਕਰਨ ਮੌਕੇ ਇੱਥੇ ਆ ਕੇ ਬਹੁਤ ਖੁਸ਼ ਹਾਂ। ਇਹ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਵਧਾਉਣ ਵੱਲ ਇੱਕ ਕਦਮ ਅੱਗੇ ਵਧਣ ਦਾ ਪ੍ਰਤੀਕ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਹੁਣ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਅਤੇ ਅਸੀਂ ਭਵਿੱਖ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀਆਂ ਵਪਾਰਕ ਵਸਤਾਂ ਦੇ ਇੱਕ ਵੱਡੇ ਹਿੱਸੇ ਦੀ ਸਮੁੰਦਰੀ ਮਾਰਗ ਰਾਹੀਂ ਆਵਾਜਾਈ ਹੁੰਦੀ ਹੈ।’’ ਰਾਸ਼ਟਰਪਤੀ ਨੇ ਭਾਰਤ ਦੇ ਸਮੁੰਦਰੀ ਹਿੱਤਾਂ ਦਾ ਰੱਖਿਆ ਵਿੱਚ ਜਲ ਸੈਨਾ ਦੇ ਅਹਿਮ ਭੂਮਿਕਾ ਨੂੰ ਉਭਾਰਦਿਆਂ ਆਖਿਆ ਕਿ ਹਿੰਦ ਮਹਾਸਾਗਰ ਅਤੇ ਹਿੰਦ ਪ੍ਰਸ਼ਾਤ ਖਿੱਤੇ ਵਿੱਚ ਸੁਰੱਖਿਆ ਦੇ ਕਈ ਪਹਿਲੂ ਹਨ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਹਾਜ਼ਰ ਸਨ।