ਚੰਡੀਗੜ੍ਹ, 22 ਨਵੰਬਰ
ਉਹ 1987 ਦੇ ਦਿਨ ਸੀ ਜਦੋਂ ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਦਾਤਾ ਸਾਹਿਬ ਕਾਲਜ ਕਰਨ ਦੀ ਕੱਟੜਪੰਥੀਆਂ ਦੀ ਮੁਹਿੰਮ ਪੂਰੇ ਜ਼ੋਰਾਂ ’ਤੇ ਸੀ। ਸਹਾਇਕ ਪ੍ਰੋਫ਼ੈਸਰ ਗ਼ੁਲਾਮ ਮੁਸਤਫ਼ਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜੇ ਨੌਜਵਾਨ ਲੈਕਚਰਾਰ ਵਜੋਂ ਕਾਲਜ ਵਿੱਚ ਆਇਆ ਹੀ ਸੀ। ਪਰ ਫਿਰ ਕੁਝ ‘ਰੌਸ਼ਨ ਖ਼ਿਆਲ ਲੋਕਾਂ’ ਨੇ ਲੜਾਈ ਲੜੀ ਤੇ ਕਾਲਜ ਦਾ ਨਾਂ ਸਰਕਾਰੀ ਦਿਆਲ ਸਿੰਘ ਕਾਲਜ ਹੀ ਰਿਹਾ। ਮੁਸਤਫ਼ਾ ਨੂੰ ਜਦੋਂ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਲਈ ਸ਼ੁਰੂ ਕੀਤੇ ਅਮਲ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ,‘ਕੀ ਭਾਰਤ ਵਿੱਚ ਰਹਿੰਦੇ ਬੁੱਧੀਜੀਵੀ ਵੀ ਉਸੇ ਤਰੀਕੇ ਦੀ ਲੜਾਈ ਵਿੱਢਣਗੇ?’
ਲਾਹੌਰ ਦੇ ਸਰਕਾਰੀ ਦਿਆਲ ਸਿੰਘ ਕਾਲਜ ਵਿੱਚ ਅੱਜਕੱਲ੍ਹ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮੁਸਤਫ਼ਾ ਨੇ ਦੱਸਿਆ ਕਿ ਉਨ੍ਹਾਂ ਦਿਨਾਂ ’ਚ ਅਧਿਆਪਕਾਂ ਦੇ ਇਕ ਸਮੂਹ ਨੇ ਦਿਆਲ ਸਿੰਘ ਮਜੀਠੀਆ ਦਾ ਵੱਡਾ ਸਾਰਾ ਚਿੱਤਰ ਬਣਾ ਕੇ ਸਟਾਫ਼ ਰੂਮ ਦੀ ਕੰਧ ’ਤੇ ਲਾਇਆ ਸੀ। ਪ੍ਰੋਫੈਸਰ ਨੇ ਕਿਹਾ,‘ਹੁਣ ਨੌਜਵਾਨ ਵਿਦਿਆਰਥੀ ਅਕਸਰ ਸਾਨੂੰ ਇਸ ਤਸਵੀਰ ਬਾਰੇ ਪੁੱਛਦੇ ਹਨ ਤੇ ਅਸੀਂ ਬੜੇ ਮਾਣ ਨਾਲ ਦੱਸਦੇ ਹਾਂ ਕਿ ਇਸ ਸ਼ਖ਼ਸ ਨੇ ਕਾਲਜ ਖੋਲ੍ਹਣ ਲਈ ਆਪਣੀ ਜਾਇਦਾਦ ਤਕ ਵਾਰ ਦਿੱਤੀ ਸੀ।’ ਪੰਜਾਬ ਪ੍ਰੋਫੈਸਰਜ਼ ਤੇ ਲੈਕਚਰਰਜ਼ ਐਸੋਸੀਏਸ਼ਨ ਦੇ ਜਾਇੰਟ ਸਕੱਤਰ ਡਾ. ਸ਼ਫ਼ੀਕ ਬੱਟ ਨੇ ਕਿਹਾ ਕਿ ਹਾਲੀਆ ਸਾਲਾਂ ’ਚ ਇਹ ਕਾਲਜ ਸਿੱਖਿਆ ਸਰਗਰਮੀਆਂ ਲਈ ਸਭ ਤੋਂ ਵੱਡੇ ਕੇਂਦਰ ਵਜੋਂ ਉਭਰਿਆ ਹੈ। ਬੱਟ ਨੇ ਦੱਸਿਆ ਕਿ ਕਾਲਜ ਨੂੰ ਇਸ ਗੱਲ ਦਾ ਮਾਣ ਹੈ ਕਿ ਅਜਿਹੇ ਨਿਰਸਵਾਰਥ ਮਨੁੱਖ ਦੀ ਵੀ ਕਦੇ ਇਸ ਧਰਤੀ ’ਤੇ ਹੋਂਦ ਰਹੀ ਹੈ। 1987 ਤੋਂ ਬਾਅਦ ਵੀ ਪਾਕਿਸਤਾਨ ਵਿੱਚ ਕਈ ਵਿਰਾਸਤੀ ਸੰਸਥਾਵਾਂ ਜਿਵੇਂ ਸਰ ਗੰਗਾ ਰਾਮ ਹਸਪਤਾਲ, ਦਿਆਲ ਸਿੰਘ ਕਾਲਜ ਦੇ ਨਾਵਾਂ ਨੂੰ ਤਬਦੀਲ ਕਰਨ ਲਈ ਹੱਲੇ ਹੋਏ, ਪਰ ਪਾਕਿਸਤਾਨੀ ਲੋਕਾਂ ਨੇ ਨਾ ਸਿਰਫ਼ ਇਨ੍ਹਾਂ ਦਾ ਵਿਰੋਧ ਕੀਤਾ ਬਲਕਿ ਲਾਹੌਰ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਸੰਸਥਾਵਾਂ ਨੂੰ ਇਨ੍ਹਾਂ ਦੇ ਅਸਲ ਨਾਵਾਂ ਨਾਲ ਹੀ ਜਾਣਿਆ ਜਾਵੇਗਾ।
ਇਹੀ ਨਹੀਂ ਸਰਹੱਦ ਦੇ ਇਸ ਪਾਸੇ ਵੀ ਅਜਿਹੇ ਕਾਰਕੁਨ ਹਨ ਜੋ ਦੋਵਾਂ ਮੁਲਕਾਂ ’ਚ ਅਮਨ ਬਹਾਲੀ ਦੇ ਮੁਦੱਈ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਕਈ ਚੀਜ਼ ਦਿਆਲ ਸਿੰਘ ਦੇ ਨਾਂ ’ਤੇ ਹੈ, ਉਹ ਪੰਜਾਬ ਦੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦੀ ਨਾਂ ਤਬਦੀਲੀ ਨੂੰ ਪਾਗਲਪਣ ਦੱਸਦਿਆਂ ਇਸ ਸਭ ਕਾਸੇ ਲਈ ਭਾਜਪਾ ਸਰਕਾਰ ਸਿਰ ਭਾਂਡਾ ਭੰਨ੍ਹਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀਲ ਦੇ ਸਾਬਕਾ ਪ੍ਰੋਫੈਸਰ ਡਾ.ਚਮਨ ਲਾਲ, ਜਿਨ੍ਹਾਂ ਨੌਂ ਸਾਲ ਪਹਿਲਾਂ ਦਿਆਲ ਸਿੰਘ ਕਾਲਜ ਤੇ ਨਵੀਂ ਬਣੀ ਦਿਆਲ ਸਿੰਘ ਫਾਊਂਡੇਸ਼ਨ ਦੀ ਫ਼ੇਰੀ ਪਾਈ ਸੀ, ਨੇ ਕਿਹਾ,‘ਪਾਕਿਸਤਾਨ ਦੇ ਲੋਕ ਇਸ ਕਾਲਜ ਨੂੰ ਆਪਣੀ ਵਿਰਾਸਤ ਮੰਨਦੇ ਹਨ, ਪਰ ਸਾਡੀ ਸਰਕਾਰ ਇਸ ਵਿਰਾਸਤ ਤੋਂ ਪੱਲਾ ਝਾੜਨ ਦੇ ਆਹਰ ਵਿੱਚ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਉਨ੍ਹਾਂ ਦੇ ਮੌਜੂਦਾ ਸਿਆਸੀ ਰਾਜ ਦੇ ਮੁਆਫ਼ਕ ਨਹੀਂ ਬੈਠਦੀਆਂ।
ਇਸਲਾਮਾਬਾਦ ਅਧਾਰਿਤ ਸਮਾਜ ਵਿਗਿਆਨੀ ਹਾਰੂਨ ਖਾਲਿਦ ਨੇ ਕਿਹਾ ਭਾਰਤ ਖੁ਼ਦ ਨੂੰ ਧਰਮ ਨਿਰਪੱਖ ਮੁਲਕ ਅਖਵਾ ਕੇ ਵੀ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਪੰਜਾਬੀ ਲੇਖਕ ਤੇ ਕਾਲਮਨਵੀਸ ਅਗਰੀਸ ਮਹਿਮੂਦ ਅਵਾਨ ਨੇ ਕਿਹਾ ਕਿ ਸਭਿਅਕ ਭਾਈਚਾਰੇ ਆਪਣੇ ਸਮਾਜਸੇਵੀਆਂ ਦੀਆਂ ਯਾਦਾਂ ਦੇ ਨਾਂ ਨਹੀਂ ਬਦਲਦੀਆਂ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਦੇ ਕਿਸੇ ਵੀ ਪਾਸੇ ਹੋਣ ਵਾਲੀ ਕੋਈ ਵੀ ਅਜਿਹੀ ਕਾਰਵਾਈ ਸਾਡੇ ਪੁਰਖਿਆਂ ਤੇ ਸ਼ਹੀਦਾਂ ਨਾਲ ਧੋਖਾ ਤੇ ਹੱਤਕ ਹੋਵੇਗੀ।
ਕਾਲਜ ’ਚ ਪੜ੍ਹਦੇ ਨੇ 2300 ਵਿਦਿਆਰਥੀ
1972 ਤਕ ਇਸ ਕਾਲਜ ਨੂੰ ਦਿਆਲ ਸਿੰਘ ਟਰੱਸਟ ਚਲਾਉਂਦਾ ਸੀ, ਜਿਸ ਮਗਰੋਂ ਸਰਕਾਰ ਨੇ ਆਪਣੇ ਅਧੀਨ ਲੈਂਦਿਆਂ ਸਰਕਾਰੀ ਦਿਆਲ ਸਿੰਘ ਕਾਲਜ ਰੱਖ ਦਿੱਤਾ ਸੀ। ਮੌਜੂਦਾ ਸਮੇਂ ਕਾਲਜ ’ਚ 2300 ਵਿਦਿਆਰਥੀ ਤੇ 92 ਫੈਕਲਟੀ ਮੈਂਬਰ ਹਨ। ਕਾਲਜ ਦੇ ਨਾਲ ਹੀ ਲਾਇਬਰੇਰੀ ਹੈ ਜਿਸ ਨੂੰ ਦਿਆਲ ਸਿੰਘ ਟਰੱਸਟ ਚਲਾਉਂਦਾ ਹੈ।