ਅੰਮ੍ਰਿਤਸਰ, 18 ਜੂਨ
ਜੋਧਪੁਰ ਦੇ ਨਜ਼ਰਬੰਦ 40 ਸਿੱਖਾਂ ਵਿੱਚੋਂ ਅੱਜ ਕੁਝ ਨੇ ਇੱਥੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਵਿੱਚ ਆਪਣੀ ਸਿਆਸੀ ਭਾਈਵਾਲ ਭਾਜਪਾ ’ਤੇ ਦਬਾਅ ਬਣਾਵੇ ਤਾਂ ਜੋ ਹਾਈ ਕੋਰਟ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ ਨੂੰ ਵਾਪਸ ਲਿਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ 2019 ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਮੌਕੇ ਸੂਬੇ ਦੇ ਉਨ੍ਹਾਂ ਇਲਾਕਿਆਂ ਵਿੱਚ ਮਾਰਚ ਕਰਨਗੇ, ਜਿੱਥੇ ਭਾਜਪਾ ਉਮੀਦਵਾਰ ਚੋਣ ਲੜ ਰਹੇ ਹੋਣਗੇ। ਅੱਜ ਇੱਥੇ ਇਕੱਠੇ ਹੋਏ ਜੋਧਪੁਰ ਨਜ਼ਰਬੰਦਾਂ ਵਿੱਚ ਭਾਵੇਂ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਿੱਖ ਆਗੂ ਵਿਰਸਾ ਸਿੰਘ ਵਲਟੋਹਾ ਤੇ ਹੋਰ ਹਾਜ਼ਰ ਨਹੀਂ ਸਨ, ਇਸ ਦੇ ਬਾਵਜੂਦ ਇੱਥੇ ਹਾਜ਼ਰ ਸਿੱਖਾਂ ਨੇ ਆਪਣੇ ਆਪ ਨੂੰ ਮੁੱਢੋਂ ਅਕਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਸਪੱਸ਼ਟ ਕਰੇ ਕਿ ਉਹ ਕੁਰਬਾਨੀ ਦੇਣ ਵਾਲੇ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਇਸ ਸਬੰਧੀ ਮੀਡੀਆ ਨੂੰ ਸੰਬੋਧਨ ਕਰਨ ਵੇਲੇ ਐਡਵੋਕੇਟ ਜਸਬੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਕੁਲਬੀਰ ਸਿੰਘ ਗੰਡੀਵਿੰਡ, ਬਾਬਾ ਰਾਜਪਾਲ ਸਿੰਘ ਵਰਪਾਲ, ਸਤਨਾਮ ਸਿੰਘ ਕਾਹਲੋਂ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਗੁਰਮੀਤ ਸਿੰਘ ਬੁੱਟਰ, ਸਤਨਾਮ ਸਿੰਘ ਕਾਹਲੋਂ , ਵੱਸਣ ਸਿੰਘ ਰਾਹਲ ਚਾਹਲ ਤੇ ਹੋਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ 1989 ਵਿੱਚ ਰਿਹਾਅ ਹੋਣ ਮਗਰੋਂ 1990 ਵਿੱਚ ਇਨ੍ਹਾਂ ਸਾਰਿਆਂ ਨੇ ਨਿਆਂ ਵਾਸਤੇ ਅਦਾਲਤੀ ਚਾਰਾਜੋਈ ਸ਼ੁਰੂ ਕੀਤੀ ਸੀ ਅਤੇ ਅਪਰੈਲ 2017 ਵਿਚ ਹੇਠਲੀ ਅਦਾਲਤ ਨੇ 6 ਫੀਸਦ ਵਿਆਜ ਨਾਲ ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ, ਜਿਸ ਨੂੰ ਹੁਣ ਕੇਂਦਰ ਸਰਕਾਰ ਵਲੋਂ ਮੁੜ ਹਾਈ ਕੋਰਟ ਵਿਚ ਚੁਣੌਤੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨ ਵਾਪਸ ਲੈਣ ਲਈ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ।

ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ: ਬੀਰਦਵਿੰਦਰ
ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਜੋਧਪੁਰ ਜੇਲ੍ਹ ਦੇ ਸਿੱਖ ਨਜ਼ਰਬੰਦਾਂ ਨੂੰ ਮੁਆਵਜ਼ੇ ਦੀ ਰਾਹਤ ਦੇਣ ਲਈ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਫ਼ੈਸਲੇ ਖ਼ਿਲਾਫ਼ ਕੇਂਦਰ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰਨ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਪਟੀਸ਼ਨ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਰਾਸਰ ਬੇਇਨਸਾਫ਼ੀ ਹੈ ਤੇ ਇਸ ਨਾਲ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।

ਅਦਾਲਤ ਦੇ ਫ਼ੈਸਲੇ ਮੁਤਾਬਿਕ ਦਿੱਤਾ ਜਾਵੇ ਮੁਆਵਜ਼ਾ: ਬਡੂੰਗਰ
ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੋਧਪੁਰ ਨਜ਼ਰਬੰਦਾਂ ਨੂੰ ਅਦਾਲਤ ਵੱਲੋਂ ਦਿੱਤੇ ਫ਼ੈਸਲੇ ਮੁਤਾਬਕ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਸੀ.ਬੀ.ਆਈ. ਵਲੋਂ ਹਾਈ ਕੋਰਟ ਵਿੱਚ ਅਪੀਲ ਪਾਉਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖਾਂ ਨੇ ਬਹੁਤ ਤਸ਼ੱਦਦ ਝੱਲਿਆ ਹੈ ਤੇ ਉਹ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਵੀ ਲਿਖਣਗੇ। ਉਨ੍ਹਾਂ ਸੀਬੀਆਈ ਵੱਲੋਂ ਪਾਈ ਅਪੀਲ ਨੂੰ ਵਾਪਸ ਲੈਣ ਦੀ ਮੰਗ ਕੀਤੀ।