ਚੰਡੀਗਡ਼੍ਹ, 13 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜੰਗ ਅਤੇ ਜੰਗੀ ਨਾਇਕਾਂ ਦੇ ਜੀਵਨ ’ਤੇ ਫਿਲਮਾਂ ਦੀ ਸ਼ੂਟਿੰਗ ਲਈ ਲੋਡ਼ੀਂਦੀਆਂ ਪ੍ਰਵਾਨਗੀਆਂ ਦੀ ਪ੍ਰੀਕ੍ਰਿਆ ਸਰਲ ਅਤੇ ਤੇਜ਼ ਕਰਨ ਲਈ ਰੱਖਿਆ ਮੰਤਰੀ ਨੂੰ ਅਪੀਲ ਕਰਨਗੇ।ਕੈਪਟਨ ਨੇ ਅੱਜ ਇਥੇ ਇਹ ਭਰੋਸਾ ਅੱਜ ਨਿਰਮਾਤਾ-ਨਿਰਦੇਸ਼ਕ ਜੇ.ਪੀ. ਦੱਤਾ ਨੂੰ ਦਿੱਤਾ ਜਿਨ੍ਹਾਂ ਨੇ ਆਪਣੀ ਅਗਲੀ ਫਿਲਮ ‘ਪਲਟਨ’ ਦੀ ਟੀਮ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਫਿਲਮ ਨਾਥੂ ਲਾ (ਸਿੱਕਮ) ਵਿੱਚ 1967 ਵਿੱਚ ਭਾਰਤ-ਚੀਨ ਦਰਮਿਆਨ ‘ਟਕਰਾਅ ਦੁਆਲੇ ਕੇਂਦਰਤ ਹੈ। ਸ੍ਰੀ ਦੱਤਾ ਇਸ ਵੇਲੇ ਪੰਜਾਬ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।
ਫਿਲਮ ਨਿਰਮਾਤਾਵਾਂ ਦੀ ਚਿੰਤਾ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਰੱਖਿਆ ਮੰਤਰੀ ਕੋਲ ਉਠਾਉਣਗੇ।ਦੱਤਾ ਨੇ ਫਿਲਮ ਉਦਯੋਗ ਨੂੰ ਕੌਮੀ ਐਵਾਰਡ ਜੇਤੂ ‘ਬਾਰਡਰ’ ਵਰਗੀਆਂ ਜੰਗ ਅਧਾਰਤ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦੀ ਦੁਪਹਿਰ ਦੇ ਭੋਜਨ ਲਈ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ। ਦੱਤਾ ਨਾਲ ਫਿਲਮ ਅਦਾਕਾਰ ਸੋਨੂ ਸੂਦ, ਅਰਜੁਨ ਰਾਮਪਾਲ, ਸੋਨਲ ਚੌਹਾਨ, ਮੋਨਿਕਾ ਗਿੱਲ, ਗੌਤਮ, ਨਿਧੀ ਦੱਤਾ, ਗੁਰਮੀਤ ਚੌਧਰੀ, ਲਵ ਸਿਨਹਾ ਅਤੇ ਹਰਸ਼ਵਰਧਨ ਰਾਣੇ ਹਾਜ਼ਰ ਸਨ।