ਨਵੰਬਰ 2015 ਵਿੱਚ ਸਜ਼ਾ ਮੁਕੰਮਲ ਹੋਈ; ਹਿਨਾ ਦੀ ਨਾਗਰਿਕਤਾ ਦਾ ਅੜਿੱਕਾ ਵੀ ਹੋਇਆ ਦੂਰ
ਅੰਮ੍ਰਿਤਸਰ, ਕੇਂਦਰੀ ਜੇਲ੍ਹ ਵਿੱਚ ਬੰਦ ਆਪਣੀ ਮਾਂ ਫਾਤਿਮਾ ਬੀਬੀ ਨਾਲ ਰਹਿ ਰਹੀ 11 ਸਾਲਾ ਬੱਚੀ ਹਿਨਾ ਨੇ ਆਪਣੀ ਮਾਂ ਦੀ ਵਕੀਲ ਨਵਜੋਤ ਕੌਰ ਚੱਬਾ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਨਿੱਜੀ ਦਖਲ ਦੇ ਕੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਤੁਰੰਤ ਰਿਹਾਈ ਦੇ ਕੇ ਵਾਪਸ ਪਾਕਿਸਤਾਨ ਭੇਜਣ ਦੇ ਹੁਕਮ ਜਾਰੀ ਕਰਨ। ਫਾਤਿਮਾ ਬੀਬੀ ਅਤੇ ਉਸ ਦੀ ਭੈਣ ਮੁਮਤਾਜ਼ ਨੂੰ 2006 ਵਿੱਚ ਪਾਕਿਸਤਾਨ ਤੋਂ ਭਾਰਤ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਰਾਹੀਂ ਆਉਂਦਿਆਂ ਅਟਾਰੀ ਰੇਲਵੇ ਸਟੇਸ਼ਨ ’ਤੇ ਨਸ਼ੀਲੇ ਪਕਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਦਾਲਤ ਵੱਲੋਂ ਦੋਨਾਂ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਤੇ ਦੋ ਦੋ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਫਾਤਿਮਾ ਅਤੇ ਮੁਮਤਾਜ ਨੂੰ ਅਦਾਲਤ ਵੱਲੋਂ ਦਿੱਤੀ ਗਈ ਇਹ ਸਜ਼ਾ ਨਵੰਬਰ 2015 ਵਿੱਚ ਮੁਕੰਮਲ ਹੋ ਚੁੱਕੀ ਹੈ। ਫਾਤਿਮਾ ਗੁਜਰਾਂਵਾਲਾ ਅਤੇ ਉਸ ਦੀ ਭੈਣ ਮੁਮਤਾਜ ਸਿਕੰਦਰਾਬਾਦ ਦੀ ਰਹਿਣ ਵਾਲੀ ਹੈ। ਫਾਤਿਮਾ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਵੇਲੇ ਉਹ ਗਰਭਵਤੀ ਸੀ ਅਤੇ 2006 ਵਿੱਚ ਜੇਲ੍ਹ ਅੰਦਰ ਹਿਨਾ ਦਾ ਜਨਮ ਹੋਇਆ ਸੀ, ਜੋ ਹੁਣ ਤੱਕ ਬਿਨਾ ਕਸੂਰ ਆਪਣੀ ਮਾਂ ਦੇ ਨਾਲ ਜੇਲ੍ਹ ਵਿੱਚ ਕੈਦ ਕੱਟ ਰਹੀ ਹੈ। ਸਜ਼ਾ ਦੀ ਮਿਆਦ ਪੂਰੀ ਹੋਣ ਮਗਰੋਂ ਵੀ ਇਨ੍ਹਾਂ ਤਿੰਨਾਂ ਦੀ ਹੁਣ ਤੱਕ ਵਤਨ ਵਾਪਸੀ ਨਹੀਂ ਹੋ ਸਕੀ ਹੈ।
ਹਿਨਾ ਪਾਕਿਸਤਾਨੀ ਨਾਗਰਿਕ ਦੀ ਬੇਟੀ ਹੈ, ਪਰ ਉਸ ਦਾ ਜਨਮ ਭਾਰਤੀ ਜੇਲ੍ਹ ਵਿੱਚ ਹੋਇਆ ਹੈ। ਬੀਤੇ ਦਿਨੀਂ ਪਾਕਿਸਤਾਨੀ ਹਾਈਕਮਿਸ਼ਨ ਦੀ ਕੌਂਸਲਰ ਫੌਜੀਆ ਮਨਸੂਰ ਨੇ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਹਿਨਾ ਦੀ ਪਾਕਿਸਤਾਨੀ ਨਾਗਰਿਕਤਾ ਨੂੰ ਮੰਜ਼ੂਰ ਕਰਨ ਦੀ ਸੂਚਨਾ ਵੀ ਦਿੱਤੀ ਸੀ। ਫਾਤਿਮਾ ਅਤੇ ਮੁਮਤਾਜ ਨੂੰ ਲਾਇਆ ਗਿਆ 2-2 ਲੱਖ ਰੁਪਏ ਦਾ ਜੁਰਮਾਨਾ ਵੀ ਇਥੇ ਇਕ ਸਵੈ ਸੇਵੀ ਜਥੇਬੰਦੀ ਵੱਲੋਂ ਅਦਾ ਕਰ ਦਿੱਤਾ ਗਿਆ ਹੈ।
ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਚਾਰ ਲੱਖ ਰੁਪਏ ਜੁਰਮਾਨੇ ਦੇ ਭੁਗਤਾਨ ਦੀ ਰਸੀਦ ਵੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ ਹੈ ਤੇ ਹਿਨਾ ਦੀ ਨਾਗਰਿਕਤਾ ਸਬੰਧੀ ਦਸਤਾਵੇਜ਼ ਵੀ ਸਰਕਾਰ ਨੂੰ ਸੌਂਪੇ ਗਏ ਹਨ। ਇਨ੍ਹਾਂ ਤਿੰਨਾਂ ਦੀ ਰਿਹਾਈ ਸਬੰਧੀ ਦਸਤਾਵੇਜ਼ ਇਸ ਵੇਲੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਵਿਭਾਗਾਂ ਨੂੰ ਇਹ ਅੜਿੱਕੇ ਜਲਦੀ ਦੂਰ ਕਰਨ ਦੀ ਹਦਾਇਤ ਕੀਤੀ ਜਾਵੇ।