ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਫੈਸ਼ਨ ਡਿਜ਼ਾਈਨਰ ਰਾਲਫ ਲਾਰੇਨ, ਫੁੱਟਬਾਲ ਸੁਪਰਸਟਾਰ ਲਿਓਨੇਲ ਮੈਸੀ, ਸਾਬਕਾ ਰੱਖਿਆ ਮੰਤਰੀ ਐਸ਼ਟਨ ਕਾਰਟਰ ਅਤੇ ਵਿਵਾਦਿਤ ਨਿਵੇਸ਼ਕ ਜਾਰਜ ਸੋਰੋਸ ਤੋਂ ਇਲਾਵਾ 14 ਲੋਕਾਂ ਨੂੰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਲਈ ਨਾਮਜ਼ਦ ਕੀਤਾ ਹੈ।
ਬਾਈਡਨ ਸਨਿਚਰਵਾਰ ਦੁਪਹਿਰ ਨੂੰ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ਵ੍ਹਾਈਟ ਹਾਊਸ ਵਿਚ ਪੁਰਸਕਾਰ ਜੇਤੂਆਂ ਨੂੰ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ’ ਪ੍ਰਦਾਨ ਕਰਨਗੇ।
‘ਵ੍ਹਾਈਟ ਹਾਊਸ’ ਨੇ ਸਨਿਚਰਵਾਰ ਨੂੰ ਕਿਹਾ ਕਿ ਇਹ ਵੱਕਾਰੀ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਨੇ ਅਮਰੀਕਾ ਦੀ ਖੁਸ਼ਹਾਲੀ, ਕਦਰਾਂ-ਕੀਮਤਾਂ ਜਾਂ ਸੁਰੱਖਿਆ, ਵਿਸ਼ਵ ਸ਼ਾਂਤੀ ਜਾਂ ਹੋਰ ਮਹੱਤਵਪੂਰਨ ਸਮਾਜਕ, ਜਨਤਕ ਜਾਂ ਨਿੱਜੀ ਯਤਨਾਂ ਵਿਚ ਮਿਸਾਲੀ ਯੋਗਦਾਨ ਪਾਇਆ ਹੈ।
ਬਾਈਡਨ ਦਾ ਮੰਨਣਾ ਹੈ ਕਿ ਮਹਾਨ ਆਗੂ ਵਿਸ਼ਵਾਸ ਬਣਾਈ ਰਖਦੇ ਹਨ, ਸਾਰਿਆਂ ਨੂੰ ਬਰਾਬਰ ਮੌਕੇ ਦਿੰਦੇ ਹਨ ਅਤੇ ਸ਼ਿਸ਼ਟਾਚਾਰ ਨੂੰ ਸੱਭ ਤੋਂ ਉੱਪਰ ਰਖਦੇ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਪੁਰਸਕਾਰ ਲਈ ਚੁਣੇ ਗਏ 19 ਵਿਅਕਤੀਆਂ ਵਿਚ ਕਲਿੰਟਨ, ਲਾਰੇਨ ਮੈਸੀ, ਕਾਰਟਰ ਅਤੇ ਸੋਰੋਸ ਸ਼ਾਮਲ ਹਨ, ਜਿਨ੍ਹਾਂ ਨੇ ਅਮਰੀਕਾ ਅਤੇ ਦੁਨੀਆਂ ਨੂੰ ਬਿਹਤਰ ਜਗ੍ਹਾ ਬਣਾਇਆ।