ਗੁਰਦਾਸਪੁਰ/ਪਠਾਨਕੋਟ, 3 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਸੁਨੀਲ ਜਾਖੜ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਸਾਊਦੀ ਅਰਬ ਵਿੱਚ ਕੰਮ ਕਰਨ ਲਈ ਗਏ ਪਿੰਡ ਚੌਹਾਨ ਵਾਸੀ ਦਿਲਾਵਰ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਵਾਪਸ ਭਾਰਤ ਲਿਆਉਣ ਵਿੱਚ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਦਿਲਾਵਰ ਸਿੰਘ 19 ਜੂਨ 2017 ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਿਆ ਸੀ, ਜਿਥੇ ਜਾ ਕੇ ਉਹ ਫਸ ਗਿਆ। ਸ੍ਰੀ ਜਾਖੜ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਸਾਊਦੀ ਅਰਬ ਵਿੱਚ ਸਥਿਤ ਭਾਰਤੀ ਦੂਤਾਘਰ ਨੂੰ ਹਦਾਇਤ ਕੀਤੀ ਜਾਵੇ ਕਿ ਦਿਲਾਵਰ ਸਿੰਘ ਦਾ ਪਾਸਪੋਰਟ ਦਿਵਾ ਕੇ ਉਸ ਦੀ ਭਾਰਤ ਪਰਤਣ ਵਿੱਚ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਦਿਲਾਵਰ ਸਿੰਘ ਦਾ ਪਰਿਵਾਰ ਮੁਸੀਬਤ ਵਿੱਚ ਹੈ ਤੇ ਉਸ ਦੇ ਪਰਿਵਾਰ ਵਿੱਚ ਕੋਈ ਵੀ ਅਜਿਹਾ ਜੀਅ ਨਹੀਂ, ਜੋ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਦੇ ਸਮਰੱਥ ਹੋਵੇ। ਉਸ ਦੀ ਪਤਨੀ ਨਿਸ਼ਾ ਨੇ ਦੱਸਿਆ ਕਿ ਇਸ ਵੇਲੇ ਦਿਲਾਵਰ ਸਿੰਘ ਰਸਾਲ ਖੈਰ, ਜੁਬੇਲ ਵਿੱਚ ਅਬੂ ਰਾਜਾ ਓਟਵੀ ਦੇ ਘਰ ਰਹਿ ਰਿਹਾ ਹੈ। ਦਿਲਾਵਰ ਸਿੰਘ ਦਾ ਪਿਤਾ ਕਰਨੈਲ ਸਿੰਘ (68 ਸਾਲ) ਹਾਦਸੇ ਦੌਰਾਨ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕਿਆ ਹੈ ਤੇ ਮਾਤਾ ਉਰਮਿਲਾ ਦੇਵੀ (60 ਸਾਲ) ਕਿਸੇ ਬਿਮਾਰੀ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਦਿਲਾਵਰ ਦੀ ਪਤਨੀ ਨਿਸ਼ਾ ਪਠਾਨਕੋਟ ਦੇ ਚੌਹਾਨ ਹਸਪਤਾਲ ਵਿੱਚ ਪੇਟ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਹੈ। ਦਿਲਾਵਰ ਦੇ ਦੋ ਬੱਚੇ ਮੁਸਕਾਨ (13) ਤੇ ਖੁਸ਼ਬੂ (12) ਆਪਣੇ ਪਿਤਾ ਦੀ ਉਡੀਕ ਕਰ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਰੋਸਾ ਦਿਵਾਇਆ ਕਿ ਉਹ ਦਿਲਾਵਰ ਸਿੰਘ ਨੂੰ ਵਾਪਸ ਭਾਰਤ ਲਿਆਉਣ ਲਈ ਪੂਰੀ ਕੋਸ਼ਿਸ ਕਰਨਗੇ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਸਾਊਦੀ ਅਰਬ ਵਿੱਚ ਫਸੀ ਲੁਧਿਆਣਾ ਦੀ ਕੁਲਦੀਪ ਕੌਰ ਦੀ ਸੁਰੱਖਿਅਤ ਦੇਸ਼ ਵਾਪਸੀ ਅਤੇ ਪਿੰਡ ਗਿੱਲ ਦੇ ਰਵਨੀਤ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਆਸਟ੍ਰੇਲੀਆ ਤੋਂ ਵਾਪਸ ਲਿਆਉਣ ਸਬੰਧੀ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ। ਸ੍ਰੀ ਬਿੱਟੂ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਲੁਧਿਆਣਾ ਵਾਸੀ ਕੁਲਦੀਪ ਕੌਰ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਲਈ ਤੁਰੰਤ ਕੂਟਨੀਤਕ ਪਹੁੰਚ ਅਪਣਾਵੇ। ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਅਰਬ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਈ ਸੀ ਪਰ ਦੁਰਭਾਗ ਵੱਸ ਉਹ ਆਪਣੇ ਮੌਜੂਦਾ ਮਾਲਕ ਦੇ ਤਸੀਹੇ ਝੱਲ ਰਹੀ ਹੈ। ਉਸ ਕੋਲ ਆਪਣਾ ਪਾਸਪੋਰਟ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਦੀ ਹੈ। ਉਸ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਸੀ। ਇੱਕ ਹੋਰ ਮਸਲਾ ਉਠਾਉਂਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਪਿੰਡ ਗਿੱਲ (ਜ਼ਿਲ੍ਹਾ ਲੁਧਿਆਣਾ) ਵਾਸੀ ਰਵਨੀਤ ਸਿੰਘ, ਜੋ ਆਸਟ੍ਰੇਲੀਆ ਵਿੱਚ ਕੰਮ ਕਰਦਾ ਸੀ, ਦੀ ਮੌਤ ਹੋ ਗਈ। ਉਸਦੀ ਦੇਹ ਨਿਊ ਸਾਊਥ ਵੇਲਜ਼ ਦੇ ਨਿਊਕੈਸਲ ਹਸਪਤਾਲ ਵਿੱਚ ਰੱਖੀ ਹੋਈ ਹੈ ਪਰ ਉਸਦੇ ਪਰਿਵਾਰ ਨੂੰ ਦੇਹ ਭਾਰਤ ਵਾਪਸ ਲਿਆਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਬਿੱਟੂ ਨੇ ਸ੍ਰੀਮਤੀ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਰਵਨੀਤ ਦੀ ਦੇਹ ਨੂੰ ਜਲਦੀ ਵਾਪਸ ਭਾਰਤ ਲਿਆਉਣ ਲਈ ਢੁਕਵੇਂ ਕਦਮ ਉਠਾਉਣ।