ਨਵੀਂ ਦਿੱਲੀ/ਚੰਡੀਗੜ, 24 ਫਰਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਜਿਹਨਾਂ ਨੂੰ ਗੋਲਕ ਚੋਰੀ ਦੇ ਕੇਸ ਵਿਚ ਕਮੇਟੀ ਦੀ ਪ੍ਰਧਾਨਗੀ ਤੋਂ ਫਾਰਗ ਕੀਤਾ ਗਿਆ ਸੀ, ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਜਾਇਦਾਦ ਨੂੰ ਹੜੱਪ ਕਰਨ ਦੀ ਸਾਜ਼ਿਸ਼ ਰਚੀ ਗਈ ਸੀ।

ਇਥੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਭਾਈ ਰਣਜੀਤ ਸਿੰਘ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਸਮੇਂ ਕਮੇਟੀ ਦੇ ਹਵਾਲੇ ਕੀਤਾ ਗਿਆ ਸੀ। ਉਸ ਵੇਲੇ ਦੇ ਪ੍ਰਧਾਨ ਜਸਵੰਤ ਸਿੰਘ ਸੇਠੀ ਤੇ ਜਨਰਲ ਸਕੱਤਰ ਭਜਨ ਸਿੰਘ ਵਾਲੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੁਲਾਇਆ ਗਿਆ ਜਿਹਨਾਂ ਨੇ ਲਿਖਤੀ ਤੌਰ’ਤੇ ਦਿੱਤਾ ਕਿ ਸਕੂਲ ਚਲਾਉਣ ਵਾਲੀ ਸੁੱਖੋ ਸੁਸਾਇਟੀ ਭੰਗ ਕਰ ਦਿੱਤੀ ਗਈ ਹੈ, ਉਸਦੇ ਸਾਰੇ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ ਹਨ ਤੇ ਸੁਸਾਇਟੀ ਹੁਣ ਦਿੱਲੀ ਗੁਰਦੁਆਰਾ ਕਮੇਟੀ ਨੇ ਲੈ ਲਈ ਹੈ ਤੇ ਇਸਦੇ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਹੋਣਗੇ। ਉਹਨਾਂ ਦੱਸਿਆ ਕਿ ਸਕੂਲ ਜੋ ਕਿ ਅਵਤਾਰ ਸਿੰਘ ਹਿੱਤ ਵੱਲੋਂ ਚਲਾਇਆ ਜਾ ਰਿਹਾ ਸੀ ਨੂੰ ਕਮੇਟੀ ਹਵਾਲੇ ਕਰਨ ਬਦਲੇ 25 ਲੱਖ ਰੁਪਏ 2004 ਵਿਚ ਅਵਤਾਰ ਸਿੰਘ ਹਿੱਤ ਨੂੰ ਦਿੱਤ ਗਏ ਸਨ।

ਸਿਰਸਾ ਨੇ ਦੱਸਿਆ ਕਿ ਜਦੋਂ ਮਨਜੀਤ ਸਿੰਘ ਜੀ. ਕੇ. ਪ੍ਰਧਾਨ ਬਣੇ ਤਾਂ ਉਸ ਵੇਲੇ ਇਸ ਸਕੂਲ ਦਾ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਬਣਾ ਦਿੱਤਾ ਗਿਆ ਤੇ ਵੱਖ ਵੱਖ ਸਮੇਂ ‘ਤੇ ਢਾਈ ਕਰੋੜ ਰੁਪਏ ਦੀ ਰਾਸ਼ੀ ਸਕੂਲ ਦੇ ਨਾਂ ‘ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ 4.4.16 ਨੂੰ ਮਨਜੀਤ ਸਿੰਘ ਜੀ. ਕੇ. ਵੱਲੋਂ ਇਕ ਫਰਜ਼ੀ ਚਿੱਠੀ ਜਿਸਦਾ ਨੰਬਰ 4436 ਹੈ ਲਿਖੀ ਗਈ ਜਿਸ ਰਾਹੀਂ ਸਕੂਲ ਵਾਪਸ ਸੁੁੱਖੋ ਸੁਸਾਇਟੀ ਦੇ ਹਵਾਲੇ ਕਰਨ ਦੀ ਗੱਲ ਕਹੀ ਗਈ। ਇਸੇ ਦਿਨ ਸੁਸਾਇਟੀ ਨੇ ਕਾਗਜ਼ਾਂ ਵਿਚ ਆਪਣੀ ਮੀਟਿੰਗ ਦਰਸਾ ਕੇ ਸਕੂਲ ਵਾਪਸ ਲੈ ਲਿਆ ਜਦਕਿ ਅਸਲੀਅਤ ਵਿਚ ਮਨਜੀਤ ਸਿੰਘ ਜੀ. ਕੇ. ਵੱਲੋਂ ਅਜਿਹੀ ਕੋਈ ਚਿੱਠੀ ਲਿਖੇ ਹੋਣ ਦਾ ਰਿਕਾਰਡ ਹੀ ਮੌਜੂਦ ਨਹੀਂ ਹੈ।

ਉਹਨਾਂ ਦੱਸਿਆ ਕਿ ਸਕੂਲ ਦੀ ਜਾਇਦਾਦ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮਨਜੀਤ ਸਿੰਘ ਜੀ. ਕੇ. ਨੇ ਸੁੱਖੋ ਸੋਸਾਇਟੀ ਨਾਲ ਮਿਲ ਕੇ ਸਾਜ਼ਿਸ਼ ਰਚੀ ਹੈ। ਉਹਨਾਂ ਕਿਹਾ ਕਿ ਸਾਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਸੀਂ ਸਕੂਲ ਦੀ ਗਵਰਨਿੰਗ ਬਾਡੀ ਬਦਲੀ।

ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਮਾਣਯੋਗ ਜੱਜ ਨੂੰ ਦੱਸਿਆ ਕਿ ਮਨਜੀਤ ਸਿੰਘ ਜੀ. ਕੇ. ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਪਹਿਲਾ ਕਲੰਕਿਤ ਪ੍ਰਧਾਨ ਹੈ ਜਿਸਨੇ ਗੋਲਕ ਚੋਰੀ ਵੀ ਕੀਤੀ ਤੇ ਇਸੇ ਤਰੀਕੇ ਜਾਅਲੀ ਦਸਤਵੇਜ਼ਾਂ ਦੇ ਆਧਾਰ ‘ਤੇ ਆਪਣਾ ਸਹੁਰਾ ਪਰਿਵਾਰ ਵੱਲੋਂ ਕਮੇਟੀ ਨੂੰ ਦਿੱਤੀ ਜਾਇਦਾਦ ਵੀ ਆਪਣੇ ਨਾਂ ਕਰਵਾ ਲਈ। ਉਹਨਾਂ ਕਿਹਾ ਕਿ ਹੁਣ ਇਹ ਸੁੱਖੋ ਸੋਸਾਇਟੀ ਨਾਲ ਮਿਲ ਕੇ ਸਕੂਲ ਦੀ ਜਾਇਦਾਦ ਹੜੱਪ ਕਰਨਾ ਚਾਹੁੰਦੇ ਹਨ। ਉਹਨਾਂ ਦੱਸਿਆ ਕਿ ਅਦਾਲਤ ਨੇ ਮਨਜੀਤ ਸਿੰਘ ਜੀ. ਕੇ. ਤੇ ਅਵਤਾਰ ਸਿੰਘ ਹਿੱਤ ਦੋਵਾਂ ਨੂੰ ਅਦਾਲਤ ਵਿਚ ਤਲਬ ਕਰ ਲਿਆ ਹੈ।

ਸਿਰਸਾ ਨੇ ਕਿਹਾ ਕਿ ਅਸੀਂ ਕਮੇਟੀ ਦੀ ਜਾਇਦਾਦ ਕਿਸੇ ਵੀ ਕੀਮਤ ‘ਤੇ ਲੁੱਟਣ ਨਹੀਂ ਦਿਆਂਗੇ ਤੇ ਇਸ ਵਾਸਤੇ ਲੋੜੀਂਦੀ ਹਰ ਕਾਰਵਾਈ ਕੀਤੀ ਜਾਵੇਗੀ।