ਐਸ ਏ ਐਸ ਨਗਰ, 3 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਮਕਾਜ ਵਾਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਬੈਂਕਾਂ ਵਿਚ ਜਨਤਕ ਲੈਣ ਦੇਣ ਦੀ ਆਗਿਆ ਦਿੱਤੀ ਗਈ ਹੈ।

ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਬੈਂਕਾਂ ਵਿਚ ਸਿਰਫ ਨਕਦ ਲੈਣ-ਦੇਣ, ਕਲੀਅਰਿੰਗ, ਪੈਸੇ ਅਤੇ ਸਰਕਾਰੀ ਲੈਣ-ਦੇਣ ਹੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਕਾਰੋਬਾਰੀ ਕੋਰੈਸਪੋਂਡੈਂਟ ਦੁਆਰਾ ਪੈਨਸ਼ਨਾਂ ਵੰਡੀਆਂ ਜਾਣਗੀਆਂ।

ਖਜ਼ਾਨਾ / ਮੁਦਰਾ ਸਮੇਤ ਸਾਰੀਆਂ ਸ਼ਾਖਾਵਾਂ ਘੱਟੋ ਘੱਟ ਸਟਾਫ ਨਾਲ ਖੁੱਲੀਆਂ ਰਹਿਣਗੀਆਂ।

ਡੀਸੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਭੀੜ ਵਿਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਵਿਚ ਅਸਫਲ ਰਹਿਣ ਤੇ ਦੰਡਕਾਰੀ ਕਾਰਵਾਈ ਕੀਤੀ ਜਾਏਗੀ। ਬ੍ਰਾਂਚ ਮੈਨੇਜਰ ਅਜਿਹੀਆਂ ਉਲੰਘਣਾਵਾਂ ਦੀ ਜਾਣਕਾਰੀ ਸਥਾਨਕ ਥਾਣੇ ਨੂੰ ਦੇ ਸਕਦੇ ਹਨ।

ਉਹਨਾਂ ਦੱਸਿਆ ਕਿ ਪਰਿਵਾਰ ਦੇ ਸਿਰਫ ਇੱਕ ਮੈਂਬਰ ਨੂੰ ਸਿੱਧਾ ਬੈਂਕ ਜਾਣ ਲਈ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ। ਉਹ ਵੀ ਬੈਂਕ ਪਾਸ-ਬੁੱਕ ਦੇ ਨਾਲ ਸਿਰਫ ਪੈਦਲ ਜਾਣਗੇ ਅਤੇ ਕੰਮ ਖਤਮ ਹੋਣ ਤੋਂ ਤੁਰੰਤ ਬਾਅਦ ਆਪਣੇ ਘਰ ਵਾਪਸ ਆਉਣਗੇ।

ਉਹਨਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਆਪਣੇ ਬੈਂਕ ਦੀ ਹੋਮ ਬਰਾਂਚ ਜਾਣ ਦੀ ਜ਼ਰੂਰਤ ਨਹੀਂ, ਬਲਕਿ ਉਸੀ ਬੈਂਕ ਦੀ ਨਜ਼ਦੀਕੀ ਸ਼ਾਖਾ ਵਿਚ ਜਾ ਸਕਦੇ ਹਨ। ਹਾਲਾਂਕਿ, ਸਾਰੇ ਏਟੀਐਮ ਦਿਨ-ਰਾਤ ਖੁੱਲ੍ਹੇ ਰਹਿਣਗੇ।

ਉਹਨਾਂ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਬੈਂਕ ਜਾਣ ਲਈ ਵਾਹਨਾਂ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। ਜੇ ਕਿਸੇ ਨੂੰ ਕਿਸੇ ਕਾਰਣ, ਬੈਂਕ ਜਾਣ ਲਈ ਵਾਹਨ ਦੀ ਵਰਤੋਂ ਦੀ ਲੋੜ ਹੈ, ਤਾਂ ਉਹ ਪਹਿਲਾਂ ਥੋੜ੍ਹੇ ਸਮੇਂ ਲਈ ਕਰਫਿਊ ਪਾਸ ਆਨਲਾਈਨ (https://epasscovid19.pais.net.in/) ‘ਤੇ ਅਪਲਾਈ ਕਰਨ ਅਤੇ ਪਾਸ ਜਾਰੀ ਹੋਣ ਤੋਂ ਬਾਅਦ ਹੀ ਬੈਂਕ ਜਾਣ।

ਦੂਜੇ ਪਾਸੇ, ਬੈਂਕ ਦੇ ਕਰਮਚਾਰੀਆਂ ਨੂੰ ਸਿਰਫ ਕੰਮ ਤੇ ਆਉਣ/ਜਾਣ ਜਾਂ ਬੈਂਕ ਆਈ ਡੀ ਰਾਹੀਂ ਅਧਿਕਾਰਤ ਬੈਂਕ ਡਿਊਟੀ ‘ਤੇ ਜਾਣ ਦੀ ਆਗਿਆ ਦਿੱਤੀ ਜਾਏਗੀ। ਜੇਕਰ ਕਰਮਚਾਰੀ ਵੱਲੋਂ ਕਿਸੇ ਹੋਰ ਕੰਮ ਲਈ ਆਈ ਡੀ ਦੀ ਵਰਤੋਂ ਕਰਕੇ ਕਰਫਿਊ ਦੀ ਉਲੰਘਣਾ ਕੀਤੀ ਗਈ ਤਾਂ ਉਸ ਵਿਰੁੱਧ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।