ਅੰਮ੍ਰਿਤਸਰ , ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਮਗਰੋਂ ਚੋਣ ਲੜਨ ਵਾਲੀਆਂ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਖਾਸ ਕਰਕੇ ਹਾਕਮ ਧਿਰ ਕਾਂਗਰਸ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਵਧੇਰੇ ਉਤਸ਼ਾਹ ਹੈ ਜਦੋਂਕਿ ਬਾਕੀ ਵਿਰੋਧੀ ਧਿਰਾਂ ਵਿਚਾਲੇ ਹਾਲ ਦੀ ਘੜੀ ਇਹ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਪਾਰਟੀ ਨਿਸ਼ਾਨ ’ਤੇ ਲੜਨਗੇ ਜਦੋਂ ਕਿ ਪੰਚਾਇਤੀ ਚੋਣਾਂ ਦੋਵੇਂ ਪਾਰਟੀਆਂ ਬਿਨਾਂ ਪਾਰਟੀ ਨਿਸ਼ਾਨ ਤੋਂ ਲੜਨਗੀਆਂ।
ਪੰਜਾਬ ਵਿੱਚ 22 ਜ਼ਿਲ੍ਹਾ ਪਰਿਸ਼ਦਾਂ ਤੇ 150 ਬਲਾਕ ਸਮਿਤੀਆਂ ਵਾਸਤੇ 19 ਸਤੰਬਰ ਨੂੰ ਵੋਟਾਂ ਪੈਣਗੀਆਂ ਜਿਸ ਵਾਸਤੇ 4 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਰਹੀਆਂ ਹਨ। ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪਰਿਸ਼ਦ ਦੇ 25 ਜ਼ੋਨ ਹੋਣਗੇ ਜਿਨ੍ਹਾਂ ਵਿੱਚੋਂ 7 ਜਨਰਲ ਔਰਤਾਂ ਤੇ 5 ਐਸਸੀ ਔਰਤ ਉਮੀਦਵਾਰਾਂ ਲਈ ਤੇ 5 ਐਸਸੀ ਪੁਰਸ਼ ਤੇ 8 ਜਨਰਲ ਸ਼੍ਰੇਣੀ ਦੇ ਪੁਰਸ਼ ਉਮੀਦਵਾਰਾਂ ਵਾਸਤੇ ਰਾਖਵੇਂ ਹੋਣਗੇ। ਇਸੇ ਤਰ੍ਹਾਂ 9 ਬਲਾਕ ਸਮਿਤੀਆਂ ਵਾਸਤੇ 199 ਮੈਂਬਰਾਂ ਦੀ ਚੋਣ ਹੋਵੇਗੀ। ਇਨ੍ਹਾਂ ਵਿਚ ਪਹਿਲਾਂ ਵਧੇਰੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਅਤੇ ਸੂਬੇ ਵਿਚ ਕਾਂਗਰਸੀ ਨਿਜਾਮ ਆਉਣ ਮਗਰੋਂ ਇਥੇ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕਾਂਗਰਸ ਸਰਕਾਰ ਸਥਾਪਿਤ ਹੋਇਆਂ ਡੇਢ ਸਾਲ ਬੀਤ ਚੁੱਕਾ ਹੈ ਅਤੇ ਇਸ ਦੌਰਾਨ ਲੋਕਾਂ ਵਿਚ ਕਾਂਗਰਸ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਰੋਸ ਵੀ ਹੈ। ਅਜਿਹੀ ਸਥਿਤੀ ਵਿੱਚ ਇਹ ਚੋਣਾਂ ਸਾਰੀਆਂ ਹੀ ਸਿਆਸੀ ਧਿਰਾਂ ਵਾਸਤੇ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਇਮਤਿਹਾਨ ਸਾਬਤ ਹੋਣਗੀਆਂ। ਕਾਂਗਰਸ ਦਿਹਾਤੀ ਕਮੇਟੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਦੱਸਿਆ ਕਿ ਪਾਰਟੀ ਦੀ ਇੱਛਾ ਹੈ ਕਿ ਇਨ੍ਹਾਂ ਚੋਣਾਂ ਵਿਚ ਪੜ੍ਹੇ ਲਿਖੇ ਨੌਜਵਾਨ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਹੋਏ ਖੁਲਾਸੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਇਕ ਵੱਡੇ ਮੁੱਦੇ ਵਜੋਂ ਉਭਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ ਨੇ ਆਖਿਆ ਕਿ ਇਸ ਰਿਪੋਰਟ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇਹ ਰਿਪੋਰਟ ਜਾਣਬੁੱਝ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਔਰਤ ਉਮੀਦਵਾਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ 50 ਫੀਸਦੀ ਰਾਖਵੇਂਕਰਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਔਰਤਾਂ ਨੂੰ ਸੀਟਾਂ ਦੇ ਰਿਹਾ ਹੈ। ਤੀਜੀ ਮੁੱਖ ਧਿਰ ਵਜੋਂ ਉਭਰੀ ‘ਆਪ’ ਦੇ ਮਾਝਾ ਜ਼ੋਨ ਦੇ ਕਨਵੀਨਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਤੈਅ ਹੈ ਕਿ ‘ਆਪ’ ਵੱਲੋਂ ਇਹ ਚੋਣਾਂ ਲੜੀਆਂ ਜਾਣਗੀਆਂ।