ਜਲੰਧਰ, ਸ਼ਾਹਕੋਟ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਚਾਰ ਕਰਨਗੇ। ਹਾਲਾਂਕਿ ਪਿਛਲੇ ਸਾਲ ਹੋਈ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਵੱਡੇ ਬਾਦਲ ਨੇ ਸਿਹਤ ਢਿੱਲੀ ਹੋਣ ਕਾਰਨ ਭਾਜਪਾ ਦੇ ਉਮੀਦਵਾਰ ਲਈ ਪ੍ਰਚਾਰ ਨਹੀਂ ਕੀਤਾ ਸੀ।
ਸ੍ਰੀ ਬਾਦਲ ਵੱਲੋਂ ਸ਼ਾਹਕੋਟ ਹਲਕੇ ਵਿੱਚ ਕੁਝ ਦਿਨ ਪੱਕੇ ਡੇਰੇ ਲਾਏ ਜਾਣ ਦੀ ਸੂਚਨਾ ਹੈ ਜਦਕਿ ਅਜੀਤ ਸਿੰਘ ਕੋਹਾੜ ਦੇ ਹੁੰਦਿਆਂ ਬਾਦਲਾਂ ਨੂੰ ਪਿਛਲੀਆਂ ਕਈ ਚੋਣਾਂ ਵਿੱਚ ਸ਼ਾਹਕੋਟ ਹਲਕੇ ਵਿੱਚ ਜਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ ਸੀ। ਸੂਤਰਾਂ ਅਨੁਸਾਰ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਪਿੰਡ ਢੱਡੋਵਾਲ ਵਿੱਚ ਇੱਕ ਐੱਨ.ਆਰ.ਆਈ. ਦੀ ਵੱਡੀ ਕੋਠੀ ਵਿੱਚ ਸ੍ਰੀ ਬਾਦਲ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜੇਕਰ ਸ੍ਰੀ ਬਾਦਲ ਹਲਕੇ ਵਿੱਚ ਰੁਕੇ ਤਾਂ ਉਹ ਅਜੀਤ ਸਿੰਘ ਕੋਹਾੜ ਦੇ ਘਰ ਹੀ ਰੁਕਣਗੇ। ਸ੍ਰੀ ਬਾਦਲ 13 ਮਈ ਦੇ ਆਸ-ਪਾਸ ਹਲਕੇ ’ਚ ਪ੍ਰਚਾਰ ਮੁਹਿੰਮ ਭਖਾਉਣ ਲਈ ਆ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਹਕੋਟ ਹਲਕੇ ’ਚ ਚੋਣਾਂ ਤੱਕ ਕੁਝ ਦਿਨ ਜਲੰਧਰ ਰੁਕ ਸਕਦੇ ਹਨ।
ਅਕਾਲੀ ਦਲ ਨੇ ਸ਼ਾਹਕੋਟ ਹਲਕੇ ਨੂੰ 43 ਜ਼ੋਨਾਂ ਵਿੱਚ ਵੰਡ ਕੇ 43 ਵੱਡੇ ਆਗੂਆਂ ਦੀਆਂ ਪੱਕੀਆਂ ਡਿਊਟੀਆਂ ਲਗਾ ਦਿੱਤੀਆਂ ਹਨ। 5 ਮਈ ਤੋਂ ਅਕਾਲੀ ਆਗੂ ਸ਼ਾਹਕੋਟ ਹਲਕੇ ਵਿੱਚ ਡੇਰੇ ਲਗਾ ਕੇ ਆਪੋ-ਆਪਣੀਆਂ ਜ਼ੋਨਾਂ ਦੀ ਕਮਾਂਡ ਸੰਭਾਲ ਲੈਣਗੇ। ਪਿੰਡਾਂ ਵਿੱਚ 28 ਮਈ ਤੱਕ ਐਨ.ਆਰ.ਆਈਜ਼. ਦੀਆਂ ਕੋਠੀਆਂ ਬੁੱਕ ਕਰਕੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰ ਜ਼ੋਨ ਵਿੱਚ 5 ਤੋਂ 6 ਪਿੰਡ ਰੱਖੇ ਗਏ ਹਨ। ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ ਇਨ੍ਹਾਂ ਜ਼ੋਨਾਂ ਦੇ ਮੁਖੀ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬੀਬੀ ਜਗੀਰ ਕੌਰ ਦੀ ਡਿਊਟੀ ਲੋਹੀਆਂ ਨੇੜੇ ਦੇ ਪਿੰਡਾਂ ਵਿੱਚ ਲਗਾਈ ਹੈ ਜਦਕਿ ਵਿਰਸਾ ਸਿੰਘ ਵਲਟੋਹਾ ਦੇ ਜ਼ੋਨ ’ਚ ਸੀਚੇਵਾਲ ਅਤੇ ਚੱਕ ਚੇਲਾ ਸਮੇਤ ਤਿੰਨ ਹੋਰ ਪਿੰਡ ਹਨ। ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਪਵਨ ਟੀਨੂੰ ਦੀ ਡਿਊਟੀ ਮਹਿਤਪੁਰ ਨੇੜਲੇ ਪਿੰਡਾਂ ’ਚ ਲਗਾਈ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਸਾਰੇ ਕੱਦਾਵਰ ਆਗੂਆਂ ਨੂੰ ਚੋਣਾਂ ਤੱਕ ਸ਼ਾਹਕੋਟ ਹਲਕੇ ’ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।