ਮਸ਼ਹੂਰ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਅੱਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ 34 ਸੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਕਲਾਕਾਰਾਂ ਸਣੇ ਮਸ਼ਹੂਰ ਹਸਤੀਆਂ ਅਦਾਕਾਰ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ। ਸਮਾਗਮ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਰਾਹੀਂ ਵਿਛੜੀ ਆਤਮਾ ਦੀ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਸਾਹਿਤ, ਮਨੋਰੰਜਨ, ਰਾਜਨੀਤੀ ਅਤੇ ਅਕਾਦਮਿਕ ਖੇਤਰ ਦੀਆਂ ਕਈ ਜਾਣੀਆਂ-ਪਛਾਣੀਆਂ ਹਸਤੀਆਂ ਨੇ ਹਾਜ਼ਰੀ ਦਰਜ ਕਰਵਾਈ।
ਹਾਜ਼ਰ ਲੋਕਾਂ ਵਿੱਚ ਲੇਖਕ ਬਾਲ ਮੁਕੁੰਦ ਸ਼ਰਮਾ, ਗੀਤਕਾਰ ਅਲਪ ਸਿਕੰਦਰ, ਕਵੀ ਜਰਨੈਲ ਘੁੰਮਣ, ਗਾਇਕ ਅਮਰ ਨੂਰੀ, ਗੀਤਕਾਰ ਸ਼ਮਸ਼ੇਰ ਸੰਧੂ, ਲੇਖਕ ਬਾਬੂ ਸਿੰਘ ਮਾਨ, ਅਤੇ ਅਦਾਕਾਰ ਗਿੱਪੀ ਗਰੇਵਾਲ, ਗੁੱਗੂ ਗਿੱਲ, ਬਿੰਨੂ ਢਿੱਲੋਂ ਅਤੇ ਸੀਮਾ ਕੌਸ਼ਲ ਸਣੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ।
ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਸਾਂਸਦ ਗੁਰਮੀਤ ਮੀਤ ਹੇਅਰ, ਅਦਾਕਾਰ ਤੇ ਗਾਇਕ ਰਵਿੰਦਰ ਗਰੇਵਾਲ, ਕਵੀ ਗੁਰਭਜਨ ਗਿੱਲ, ਸੰਸਦ ਮੈਂਬਰ ਮੀਤ ਹੇਅਰ, ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਗੀਤਕਾਰ ਬੰਟੀ ਬੈਂਸ, ਮੰਤਰੀ ਹਰਦੀਪ ਸਿੰਘ ਮੁੰਡੀਆਂ, ਗਾਇਕਾਂ ਪੰਮੀ ਬਾਈ, ਹਾਰਬੀ ਸੰਘਾ, ਪ੍ਰੀਤ ਹਰਪਾਲ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਡਾ. ਭੱਲਾ ਦੀ ਅੰਤਿਮ ਅਰਦਾਸ ਵਿਚ ਪਹੁੰਚੀਆਂ।
ਪੰਜਾਬ ਫਿਲਮ ਸੈਂਸਰ ਬੋਰਡ ਦੇ ਸੇਵਾਮੁਕਤ ਮੈਂਬਰ ਆਰ.ਆਰ. ਗਿੱਲ ਨੇ ਭੱਲਾ ਨੂੰ ਯਾਦ ਕੀਤਾ। ਆਰਆਰ ਗਿੱਲ ਨੇ ਕਿਹਾ ਕਿ ਟੀਵੀ ਸੀਰੀਅਲ ਅਤੇ ਕਾਮੇਡੀ ਸੀਰੀਅਲ ਉਨ੍ਹਾਂ ਕੋਲ ਸਰਟੀਫਿਕੇਸ਼ਨ ਲਈ ਆਉਂਦੇ ਸਨ। ਉਹ ਭੱਲਾ ਦੇ ਸੀਰੀਅਲ 1 ਮਿੰਟ ਵਿੱਚ ਸਾਈਨ ਕਰਕੇ ਪਾਸ ਕਰ ਦਿੰਦੇ ਸਨ, ਕਿਉਂਕਿ ਭੱਲਾ ਨੇ ਸਾਫ਼-ਸੁਥਰੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਹੈ।