ਸਿਰਸਾ,  ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਥਾਂ ਉਸਦੇ ਪੁੱਤਰ ਜਸਮੀਤ ਸਿੰਘ ਨੂੰ ਡੇਰੇ ਦਾ ਮੁਖੀ ਲਾਉਣ ਦੀਆਂ ਚੱਲਦੀਆਂ ਕੋਸ਼ਿਸ਼ਾਂ ਦੇ ਦੌਰਾਨ ਰਾਮ ਰਹੀਮ ਤੋਂ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਪੋਤੇ ਨੇ ਕਿਹਾ ਹੈ ਕਿ ਡੇਰੇ ਦੀਆਂ ਪਰੰਪਰਾਂ ਅਨੁਸਾਰ ਵੰਸ਼ਵਾਦ ਨੂੰ ਕੋਈ ਥਾਂ ਨਹੀ ਹੈ ਪਰ ਇਹ ਡੇਰਾ ਮੁਖੀ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣਾ ਜਾਨਸ਼ੀਨ ਕਿਸ ਨੂੰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਡੇਰਾ ਮੁਖੀ ਬਣਾਉਣਾ ਪਹਿਲੇ ਮੁਖੀ ਦੀ ਮੌਤ ਬਾਅਦ ਹੀ ਬਣਦਾ ਹੈ। ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਭੋਗ ਵਿਲਾਸ ਵਾਲੇ ਸ਼ਾਹੀ ਜੀਵਨ ਦਾ ਆਨੰਦ ਮਾਣਨ ਵਾਲੇ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਦੇ ਮੁਕਾਬਲੇ ਸ਼ਾਹ ਸਤਿਨਾਮ ਸਿੰਘ ਦਾ ਪਰਿਵਾਰ ਸਿਰਸਾ ਜ਼ਿਲ੍ਹੇ ਹੇ ਦੇ ਪਿੰਡ ਜਲਾਲਆਣਾ ਵਿੱਚ ਸਾਦਾ ਜੀਵਨ ਬਤੀਤ ਕਰ ਰਿਹਾ ਹੈ। ਸ਼ਾਹ ਸਤਿਨਾਮ ਨੇ 1990 ਵਿੱਚ ਗੁਰਮੀਤ ਸਿੰਘ ਨੂੰ ਡੇਰੇ ਦਾ ਮੁਖੀ ਨਿਯੁਕਤ ਕਰਕੇ ਰਾਮ ਰਹੀਮ ਦੀ ਉਪਾਧੀ ਦੇ ਦਿੱਤੀ ਸੀ।
ਸ਼ਾਹ ਸਤਿਨਾਮ ਦੇ ਪੋਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2002 ਤੋਂ ਡੇਰੇ ਜਾਣਾ ਛੱਡ ਦਿੱਤਾ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆਪਣੀ ਆਸਥਾ ਰੱਖਦੇ ਹਨ। ਉਹ ਖੇਤੀਬਾੜੀ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਦਾਦਾ ਸੱਤਰ ਸਾਲ ਦਾ ਸੀ ਤਾਂ ਉਨ੍ਹਾਂ ਆਪਣੇ ਜਾਨਸ਼ੀਨ ਦੀ ਭਾਲ ਸ਼ੁਰੂ ਕੀਤੀ। ਡੇਰੇ ਦੇ ਸ਼ਰਧਾਲੂ ਉਸਦੇ ਪਿਤਾ ਰਣਜੀਤ ਸਿੰਘ ਨੂੰ ਡੇਰਾ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਸ਼ਾਹ ਸਤਿਨਾਮ ਨੇ ਸਖਤੀ ਨਾਲ ਮਨ੍ਹਾਂ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਡੇਰਾ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ, ਜੋ ਪਿਤਾ ਆਪਣੇ ਪੁੱਤਰ ਨੂੰ ਸੌਂਪ ਦੇਵੇ।
ਰਾਮ ਰਹੀਮ ਗੁਰਮੀਤ ਸਿੰਘ ਉੱਤੇ ਅਤਿਵਾਦੀਆਂ ਦੀ ਸਹਾਇਤਾ ਨਾਲ ਡੇਰੇ ਦੀ ਗੱਦੀ ਹਥਿਆਉਣ ਦੇ ਲੱਗਦੇ ਦੋਸ਼ਾਂ ਬਾਰੇ ਭੁਪਿੰਦਰ ਸਿੰਘ ਨੇ ਵੀ ਕਿਹਾ ਕਿ ਸੁਣਿਆਂ ਤਾਂ ਉਨ੍ਹਾਂ ਨੇ ਵੀ ਹੈ ਪਰ ਇਸ ਤਰ੍ਹਾਂ ਦਾ ਸਬੂਤ ਕੋਈ ਨਹੀ ਹੈ।
ਰਾਮ ਰਹੀਮ ਦੇ 7 ਗੰਨਮੈਨ ਨਿਆਂਇਕ ਹਿਰਾਸਤ ਵਿੱਚ ਭੇਜੇ
ਸੀ.ਬੀ.ਆਈ.ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਤੋਂ ਭਜਾਉਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਫੜੇ ਗਏ ਡੇਰਾ ਮੁਖੀ ਦੇ 7 ਗੰਨਮੈਨਾਂ ਨੂੰ ਪੁਲੀਸ ਨੇ ਸ਼ਨਿਚਰਵਾਰ ਨੂੰ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚ ਹੈਡ ਕਾਂਸਟੇਬਲ ਅਜੇ ਕੁਮਾਰ, ਰਾਮ ਕੁਮਾਰ, ਕਾਂਸਟੇਬਲ ਬਲਵਾਨ ਸਿੰਘ, ਕ੍ਰਿਸ਼ਨ ਦਾਸ, ਖੁਸ਼ਬੀਰ ਸਿੰਘ, ਵਿਜੇ ਸਿੰਘ ਅਤੇ ਫਤਿਹ ਸਿੰਘ ਸ਼ਾਮਲ ਹਨ।