ਨਵੀਂ ਦਿੱਲੀ, 2 ਨਵੰਬਰ
ਮਹਾਨ ਕ੍ਰਿਕਟਰ ਕਪਿਲ ਦੇਵ ਨੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਅਜਿਹਾ ਲੱਗਾ ਸੀ ਕਿ ਵੱਖਰੇ ਗੇਂਦਬਾਜ਼ੀ ਐਕਸ਼ਨ ਕਰਕੇ ਉਸ ਦਾ ਕ੍ਰਿਕਟ ਕਰੀਅਰ ਲੰਮਾ ਹੋਵੇਗਾ। ਸਾਬਕਾ ਕਪਤਾਨ ਨੇ ਕਿਹਾ ਕਿ ਇਸ ਗੇਂਦਬਾਜ਼ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਭਾਰਤ ਨੂੰ 1983 ਵਿੱਚ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਨੇ ਬੁਮਰਾਹ ਨੂੰ ਸ਼ਾਨਦਾਰ ਗੇਂਦਬਾਜ਼ ਦੱਸਦਿਆਂ ਕਿਹਾ ਕਿ ਗੁਜਰਾਤ ਦੇ ਇਸ ਗੇਂਦਬਾਜ਼ ਦਾ ਐਕਸ਼ਨ ਰਵਾਇਤੀ ਗੇਂਦਬਾਜ਼ੀ ਐਕਸ਼ਨ ਤੋਂ ਬਿਲਕੁਲ ਵੱਖਰਾ ਹੈ ਤੇ ਉਸ ਨੇ ਅਜਿਹੇ ਗੇਂਦਬਾਜ਼ਾਂ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਬਦਲ ਦਿੱਤੀ ਹੈ। ਕਪਿਲ ਨੇ ਕਿਹਾ,‘ਬੁਮਰਾਹ ਕਮਾਲ ਦਾ ਗੇਂਦਬਾਜ਼ ਹੈ। ਜਦੋਂ ਮੈਂ ਪਹਿਲੀ ਵਾਰ ਇਸ ਗੇਂਦਬਾਜ਼ ਨੂੰ ਵੇਖਿਆ ਤਾਂ ਲੱਗਾ ਕਿ ਉਹ ਅਜਿਹੇ ਐਕਸ਼ਨ ਨਾਲ ਕਿਵੇਂ ਖੇਡੇਗਾ, ਪਰ ਉਸ ਨੇ ਮੇਰੇ ਵਿਚਾਰ ਬਦਲ ਦਿੱਤੇ। ਹੁਣ ਸਾਨੂੰ ਲਗਦਾ ਹੈ ਕਿ ਰਵਾਇਤੀ ਐਕਸ਼ਨ ਤੋਂ ਬਿਨਾਂ ਵੀ ਕੋਈ ਗੇਂਦਬਾਜ਼ ਟੀਮ ਦੀ ਨੁਮਾਇੰਦਗੀ ਕਰ ਸਕਦਾ ਹੈ। ਕਪਿਲ ਨੇ ਭਾਰਤੀ ਟੀਮ ਨੂੰ ਵਿਸ਼ਵ ਦੀ ਸਭ ਤੋਂ ਫਿਟ ਟੀਮਾਂ ’ਚੋਂ ਇਕ ਬਣਾਉਣ ਲਈ ਕਪਤਾਨ ਕੋਹਲੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ,‘ਹਰ ਕਪਤਾਨ ਦਾ ਸੋਚਣ ਦਾ ਆਪਣਾ ਤਰੀਕਾ ਹੈ। ਇਸ ਕਪਤਾਨ ਨੇ ਟੀਮ ’ਚ ਫ਼ਿਟਨੈੱਸ ਨੂੰ ਅਹਿਮੀਅਤ ਦਿੱਤੀ ਤੇ ਮੈਨੂੰ ਲਗਦਾ ਹੈ ਕਿ ਸਾਨੂੰ ਇਸ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਕਪਿਲ ਨੇ ਹਰਫ਼ਨਮੌਲਾ ਹਾਰਦਿਕ ਪੰਡਿਆ ਨੂੰ ਵੱਖ ਵੱਖ ਕ੍ਰਮਾਂ ’ਚ ਬੱਲੇਬਾਜ਼ੀ ਲਈ ਭੇਜਣ ਦੇ ਮਾਮਲੇ ’ਚ ਟੀਮ ਪ੍ਰਬੰਧਨ ਦੇ ਫ਼ੈਸਲੇ ਦਾ ਸਾਥ ਦਿੱਤਾ। ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਹਾਲ ਹੀ ਵਿੱਚ ਬੱਲੇ ਦੀ ਮੋਟਾਈ ਸਮੇਤ ਹੋਰਨਾਂ ਨੇਮਾਂ ’ਚ ਕੀਤੀ ਤਬਦੀਲੀ ਬਾਰੇ ਸਾਬਕਾ ਕਪਤਾਨ ਨੇ ਕਿਹਾ,‘ਖੇਡ ਵਿੱਚ ਸੁਧਾਰ ਲਈ ਬਦਲਾਅ ਹੁੰਦੇ ਰਹਿੰਦੇ ਹਨ। ਤਬਦੀਲੀ ਹੁੰਦੀ ਰਹਿਣੀ ਚਾਹੀਦੀ ਹੈ ਤੇ ਲੋੜ ਮੁਤਾਬਕ ਨੇਮ ਬਣਦੇ ਰਹਿਣੇ ਚਾਹੀਦੇ ਹਨ। ਨਵੀਆਂ ਤਬਦੀਲੀਆਂ ਕਰਕੇ ਖੇਡ ’ਤੇ ਅਸਰ ਸਮੇਂ ਦੇ ਨਾਲ ਪਤਾ ਲੱਗੇਗਾ।