ਲੰਡਨ,— ਸਵਿਸ ਮਾਸਟਰ ਰੋਜਰ ਫੈਡਰਰ ਨੂੰ ਨੌਜਵਾਨ ਜਰਮਨ ਖਿਡਾਰੀ ਐਲੇਕਸਾਂਦ੍ਰ ਜਵੇਰੇਵ ਖਿਲਾਫ ਇਥੇ ਏ. ਟੀ. ਪੀ. ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਮੁਕਾਬਲੇ ‘ਚ ਪਸੀਨਾ ਵਹਾਉਣਾ ਪਿਆ ਪਰ ਆਖਿਰ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਉਹ 7-6, 5-7, 6-1 ਦੀ ਜਿੱਤ ਨਾਲ ਸੈਮੀਫਾਈਨਲ ‘ਚ ਪਹੁੰਚ ਗਿਆ।
ਜਵੇਰੇਵ ਤੋਂ 16 ਸਾਲ ਸੀਨੀਅਰ 36 ਸਾਲਾ ਫੈਡਰਰ ਨੇ ਤੀਸਰੇ ਸੈੱਟ ‘ਚ ਸਖਤ ਸੰਘਰਸ਼ ਕਰਦੇ ਹੋਏ ਆਪਣੇ ਤਜਰਬੇ ਦਾ ਪੂਰਾ ਲਾਭ ਲਿਆ ਤੇ 6-1 ਨਾਲ ਇਸ ਨੂੰ ਜਿੱਤਿਆ। 19 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ 2 ਘੰਟੇ 11 ਮਿੰਟ ਤੱਕ ਚੱਲੇ ਮੁਕਾਬਲੇ ‘ਚ ਜਿੱਤ ਨਾਲ ਆਖਰੀ-4 ‘ਚ ਪ੍ਰਵੇਸ਼ ਕਰ ਲਿਆ। ਸਾਲ ਦੇ ਅਖੀਰਲੇ ਇਸ ਟੂਰਨਾਮੈਂਟ ‘ਚ 15 ‘ਚੋਂ ਇਹ 14ਵਾਂ ਮੌਕਾ ਹੈ, ਜਦੋਂ ਫੈਡਰਰ ਸੈਮੀਫਾਈਨਲ ‘ਚ ਪਹੁੰਚਿਆ ਹੈ।
ਫੈਡਰਰ ਤੋਂ ਹਾਰਨ ਤੋਂ ਬਾਅਦ ਜਵੇਰੇਵ ਨੂੰ ਹੁਣ ਵੀਰਵਾਰ ਅਗਲੇ ਮੈਚ ‘ਚ ਅਮਰੀਕਾ ਦੇ ਚੈਕ ਸਾਕ ਨਾਲ ਮੁਕਾਬਲੇ ਲਈ ਉਤਰਨਾ ਪਵੇਗਾ, ਜਿਸ ਨਾਲ ਬੋਰਿਸ ਬੇਕਰ ਗਰੁੱਪ ‘ਚੋਂ ਇਕ ਹੋਰ ਕੁਆਲੀਫਾਇਰ ਦਾ ਫੈਸਲਾ ਹੋਵੇਗਾ। ਸਾਕ ਨੇ ਇਸ ਤੋਂ ਪਹਿਲਾਂ ਇਕ ਹੋਰ ਮੈਚ ‘ਚ ਮਾਰਿਨ ਸਿਲਿਚ ਨੂੰ 5-7, 6-2, 7-6 ਨਾਲ ਹਰਾਇਆ।