ਜਲੰਧਰ, 26 ਮਈ
ਦੋਆਬੇ ਦੇ ਲੋਕਾਂ ਨੂੰ ਅੱਜ ਬੜੀ ਵੱਡੀ ਰਾਹਤ ਮਿਲੀ ਜਦੋਂ ਇਥੋਂ ਦਾ ਪਾਸਪੋਰਟ ਕੇਂਦਰ ਦੁਬਾਰਾ ਸ਼ੁਰੂ ਹੋ ਗਿਆ। ਲੌਕਡਾਊਨ ਤੇ ਕਰਫ਼ਿਊ ਕਾਰਨ ਪਾਸਪੋਰਟ ਅਪਲਾਈ ਕਰਨ ਦਾ ਕੰਮ ਦੋ ਮਹੀਨਿਆਂ ਤੋਂ ਠੱੱਪ ਸੀ। ਅੱਜ ਸਵੇਰ ਤੋਂ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਪਾਸਪੋਰਟ ਸੇਵਾ ਕੇਂਦਰ ਵਿਚ ਪਾਸਪੋਰਟ ਨਾਲ ਸਬੰਧਤ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਪਾਸਪੋਰਟ ਬਣਵਾਉਣ ਤੇ ਰੀਨਿਊ ਕਰਵਾਉਣ ਲਈ ਜਿਨ੍ਹਾਂ ਲੋਕਾਂ ਨੇ ਆਨਲਾਈਨ ਅਪਲਾਈ ਕਰਕੇ ਪਹਿਲਾਂ ਤਾਰੀਕਾਂ ਲਈਆਂ ਸਨ ਉਹ ਆਪਣੀ ਵਾਰੀ ਅਨੁਸਾਰ ਕੰਮ ਕਰਵਾਉਣ ਲਈ ਲਾਈਨ ਵਿਚ ਲੱਗ ਗਏ। ਇਸ ਸਬੰਧੀ ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਹੈ। ਦਫਤਰ ਆਉਣ ਵਾਲੇ ਲੋਕਾਂ ਨੂੰ ਤਾਪਮਾਨ ਜਾਂਚਣ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਥ ਵੀ ਸੈਨੇਟਾਈਜ਼ ਕਰਵਾਏ ਜਾ ਰਹੇ ਹਨ।