ਜਲੰਧਰ, 29 ਨਵੰਬਰ
ਲੁਟੇਰਿਆਂ ਨੇ ਜੈਕਸਨ ਸ਼ਹਿਰ ਵਿਚ ਗੋਲੀਆਂ ਮਾਰ ਕੇ ਨੌਜਵਾਨ ਸੰਦੀਪ ਸਿੰਘ ਦੀ ਹੱਤਿਆ ਕਰ ਦਿੱਤੀ। ਉਹ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ। ਨਿਊ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਸੰਦੀਪ ਸਿੰਘ ਦਾ ਪਿਤਾ ਥਾਣਾ ਰਾਮਾਮੰਡੀ ‘ਚ ਮੁਣਸ਼ੀ ਹੈ।
ਸੰਦੀਪ ਅਮਰੀਕਾ ਦੇ ਸ਼ਹਿਰ ਜੈਕਸਨ (ਮਿਸੀਸਿਪੀ) ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਸ਼ਰਨਜੀਤ ਸਿੰਘ ਨਾਲ ਜਨਰਲ ਸਟੋਰ ‘ਤੇ ਕੰਮ ਕਰਦਾ ਸੀ। ਸ਼ਰਨਜੀਤ ਸਿੰਘ ਨੇ ਦੱਸਿਆ ਕਿ ਅਮਰੀਕੀ ਸਮੇਂ ਅਨੁਸਾਰ, ਸੋਮਵਾਰ ਦੀ ਰਾਤ ਨੂੰ 11 ਵਜੇ (ਭਾਰਤੀ ਸਮੇਂ ਅਨੁਸਾਰ ਮੰਗਲਵਾਰ ਸਵੇਰੇ 10 ਵਜੇ) ਦੇ ਕਰੀਬ ਜਦੋਂ ਉਹ ਆਪਣੀ ਕਾਰ ਵਿੱਚ ਘਰ ਪੁੱਜੇ ਸਨ ਅਤੇ ਜਿਉਂ ਹੀ ਉਹ ਕਾਰ ਵਿਚੋਂ ਉਤਰੇ, ਉਨ੍ਹਾਂ ਨੂੰ ਲੁਟੇਰਿਆਂ ਨੇ ਘੇਰ ਲਿਆ। ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਲੁਟੇਰਿਆਂ ਨੇ ਉਨ੍ਹਾਂਂ ਕੋਲੋਂ ਪੈਸੇ ਤੇ ਮੋਬਾਈਲ ਖੋਹ ਲਏ ਅਤੇ ਗੋਲੀਆਂ ਚਲਾਉਣ ਲੱਗ ਪਏ। ਗੋਲੀ ਸੰਦੀਪ ਦੇ ਲੱਗੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੰਦੀਪ ਪਰਿਵਾਰ ਵਿਚ ਇਕਲੌਤਾ ਪੁੱਤਰ ਸੀ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੰਦੀਪ ਸਿੰਘ ਚਾਰ ਸਾਲ ਪਹਿਲਾਂ ਟੂਰਿਸਟ ਵੀਜ਼ੇ ‘ਤੇ ਅਮਰੀਕਾ ਗਿਆ ਸੀ ਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ। ਯਾਦ ਰਹੇ ਕਿ ਅਮਰੀਕਾ ਵਿਚ 15 ਨਵੰਬਰ ਨੂੰ ਪਿੰਡ ਖੋਥੜਾਂ ਦੇ ਨੌਜਵਾਨ ਧਰਮਪ੍ਰੀਤ ਸਿੰਘ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।