ਜਲੰਧਰ, 21 ਨਵੰਬਰ
ਮਨੀਕਰਨ ਸਾਹਿਬ ਮੱਥਾ ਟੇਕ ਕੇ ਮੁੜ ਰਹੇ ਜਲੰਧਰ ਦੇ ਪੰਜ ਦੋਸਤਾਂ ਦੀ ਕਾਰ ਭੁੰਤਰ ਨੇੜੇ ਪਾਰਬਤੀ ਅਤੇ ਬਿਆਸ ਦੇ ਸੰਗਮ ਵਿੱਚ ਡਿੱਗ ਗਈ। ਹਾਦਸੇ ਵਿੱਚ 17 ਸਾਲ ਦੇ ਸਰਬਜੋਤ ਸਿੰਘ ਵਾਸੀ ਆਦਰਸ਼ ਨਗਰ ਦੀ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਿਹਾ ਗੁਰਕੀਰਤ ਸਿੰਘ (18) ਲਾਪਤਾ ਹੈ। ਬਾਕੀ ਤਿੰਨ ਦੋਸਤਾਂ ਦੀ ਜਾਨ ਬਚ ਗਈ ਪਰ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਪਛਾਣ ਜਸਬੀਰ ਸਿੰਘ ਵਾਸੀ ਨਕੋਦਰ, ਰਾਮ ਆਹੂਜਾ ਵਾਸੀ ਗੋਪਾਲ ਨਗਰ ਅਤੇ ਸਤਿਅਮ ਕਸ਼ਅਪ ਵਾਸੀ ਸਪੋਰਟਸ ਮਾਰਕੀਟ ਵਜੋਂ ਹੋਈ। ਘਟਨਾ ਸ਼ਾਮ 4 ਵਜੇ ਦੀ ਹੈ ਅਤੇ ਪੁਲੀਸ ਵੱਲੋਂ ਪਰਿਵਾਰ ਨੂੰ ਜਾਣਕਾਰੀ ਦੇਣ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰ ਭੁੰਤਰ ਚਲੇ ਗਏ। ਪੁਲੀਸ ਦਾ ਕਹਿਣਾ ਹੈ ਕਿ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ, ਜਦੋਂ ਕਿ ਲਾਪਤਾ ਗੁਰਕੀਰਤ ਦੇ ਭਰਾ ਅਮਨ ਨੇ ਦੱਸਿਆ ਕਿ ਗੱਡੀ ਦਾ ਸਟੀਅਰਿੰਗ ਲਾਕ ਹੋਣ ਕਾਰਨ ਹਾਦਸਾ ਵਾਪਰਿਆ। ਹਾਦਸੇ ਬਾਰੇ ਕੁੱਲੂ ਦੀ ਐਸ.ਐਸ.ਪੀ. ਸ਼ਾਲੀਨੀ ਅਗਨੀਹੋਤਰੀ ਨੇ ਦੱਸਿਆ ਕਿ ਹਾਦਸੇ ਸਮੇਂ ਨਦੀ ਵਿੱਚ ਪਾਣੀ ਦਾ ਵਹਾਅ ਕਾਫ਼ੀ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੀ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਲੱਗ ਰਿਹਾ ਹੈ ਪਰ ਫਿਰ ਵੀ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਤਿੰਨ ਨੌਜਵਾਨ ਉਨ੍ਹਾਂ ਕੋਲ ਸੁਰੱਖਿਅਤ ਹਨ ਪਰ ਹਾਲੇ ਹਾਦਸੇ ਦੇ ਸਦਮੇ ਵਿੱਚ ਹਨ।
ਉਧਰ ਸਰਬਜੋਤ ਸਿੰਘ ਦੇ ਪਰਿਵਾਰ ਨੂੰ ਹਾਲੇ ਤੱਕ ਹਾਦਸੇ ਦਾ ਯਕੀਨ ਨਹੀਂ ਹੋ ਰਿਹਾ। ਸਰਬਜੋਤ ਦਾ ਵੱਡਾ ਭਰਾ ਅਤੇ ਪਿਤਾ ਭੁੰਤਰ ਵੱਲ ਚਲੇ ਗਏ।