ਟੋਕੀਓ, 14 ਸਤੰਬਰ

ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਅਤੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਇੱਥੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਗੈਰ-ਦਰਜਾ ਪ੍ਰਾਪਤ ਚੀਨੀ ਖਿਡਾਰਨ ਹੱਥੋਂ ਉਲਟ ਫੇਰ ਦਾ ਸ਼ਿਕਾਰ ਹੋ ਗਈ। ਦੂਜੇ ਪਾਸੇ, ਪੁਰਸ਼ ਸਿੰਗਲਜ਼ ਵਿੱਚ ਕਿਦੰਬੀ ਸ੍ਰੀਕਾਂਤ ਨੇ ਜਿੱਤ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਇੱਕ ਹੋਰ ਭਾਰਤੀ ਐਚ ਐਸ ਪ੍ਰਣਯ ਆਪਣਾ ਮੈਚ ਹਾਰ ਕੇ ਬਾਹਰ ਹੋ ਗਿਆ ਹੈ।
ਚੀਨ ਦੀ ਗਾਓ ਫੈਂਗਜੀ ਨੇ ਤੀਜਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੂੰ 55 ਮਿੰਟ ਤੱਕ ਚੱਲੇ ਮੈਚ ਵਿੱਚ ਲਗਾਤਾਰ ਸੈੱਟਾਂ ਵਿੱਚ 21-18, 21-19 ਨਾਲ ਹਰਾਉਂਦਿਆਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਸ ਤਰ੍ਹਾਂ ਗਾਓ ਦੀ ਸਿੰਧੂ ’ਤੇ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ 14ਵਾਂ ਦਰਜਾ ਪ੍ਰਾਪਤ ਗਾਓ ਨੇ ਇਸ ਸਾਲ ਚਾਈਨਾ ਓਪਨ ਵਿੱਚ ਵੀ ਸਿੰਧੂ ਨੂੰ ਹਰਾਇਆ ਸੀ।
ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਸੱਤਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਹਾਂਗਕਾਂਗ ਦੇ ਵਾਂਗ ਵਿੰਗ ਦੀ ਵਿੰਸੇਟ ਨੂੰ 36 ਮਿੰਟ ਤੱਕ ਚੱਲੇ ਮੈਚ ਵਿੱਚ 21-15, 21-14 ਨਾਲ ਲਗਾਤਾਰ ਗੇਮਾਂ ਵਿੱਚ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਭਾਰਤੀ ਖਿਡਾਰੀਆਂ ਲਈ ਟੂਰਨਾਮੈਂਟ ਦੇ ਤੀਜੇ ਦਿਨ ਨਤੀਜੇ ਕਾਫ਼ੀ ਨਿਰਾਸ਼ਾਜਨਕ ਰਹੇ ਅਤੇ ਪ੍ਰਣਯ ਅਤੇ ਸਿੰਧੂ ਵਰਗੇ ਮੁੱਖ ਸਿੰਗਲਜ਼ ਖਿਡਾਰੀਆਂ ਦੀ ਹਾਰ ਮਗਰੋਂ ਡਬਲਜ਼ ਵਿੱਚ ਵੀ ਦੋ ਭਾਰਤੀ ਜੋੜੀਆਂ ਬਾਹਰ ਹੋ ਗਈਆਂ। ਪ੍ਰਣਯ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਗਿਨਟਿੰਗ ਨੇ 47 ਮਿੰਟ ਤੱਕ ਚੱਲੇ ਮੈਚ ਵਿੱਚ 21-14, 21-17 ਨਾਲ ਲਗਾਤਾਰ ਸੈੱਟਾਂ ਵਿੱਚ ਸ਼ਿਕਸਤ ਦੇ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸੇ ਤਰ੍ਹਾਂ 13ਵਾਂ ਦਰਜਾ ਪ੍ਰਾਪਤ ਪ੍ਰਣਯ ਖ਼ਿਲਾਫ਼ ਗਿਨਟਿੰਗ ਦੀ ਜਿੱਤ ਦਾ ਰਿਕਾਰਡ 1-1 ਨਾਲ ਬਰਾਬਰ ਹੋ ਗਿਆ ਹੈ। ਇਸ ਤੋਂ ਪਹਿਲਾਂ ਦਸਵਾਂ ਦਰਜਾ ਪ੍ਰਾਪਤ ਇੰਡੋਨੇਸ਼ਿਆਈ ਖਿਡਾਰੀ ਨੇ ਭਾਰਤੀ ਸ਼ਟਲਰ ਨੂੰ ਇੰਡੋਨੇਸ਼ੀਆ ਓਪਨ ਵਿੱਚ ਮਾਤ ਦਿੱਤੀ ਸੀ।
ਹਾਲਾਂਕਿ ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਆਪਣੀ ਚੁਣੌਤੀ ਨੂੰ ਕਾਇਮ ਰੱਖਦਿਆਂ ਵਿੰਸੇਟ ਖ਼ਿਲਾਫ਼ ਕੁੱਲ ਨੌਂ ਮੈਚਾਂ ਵਿੱਚ ਆਪਣਾ ਮੈਚ ਰਿਕਾਰਡ 6-3 ਦਾ ਕਰ ਲਿਆ ਹੈ। ਉਸ ਦਾ ਸਾਹਮਣਾ ਹੁਣ ਕੋਰੀਆ ਦੇ ਲੀਡ ਡੋਂਗ ਕਿਯੂਨ ਨਾਲ ਹੋਵੇਗਾ।
ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮੀਤ ਰੈਡੀ ਆਪਣੀ ਲੈਅ ਕਾਇਮ ਨਹੀਂ ਰੱਖ ਸਕੇ। ਉਨ੍ਹਾਂ ਨੂੰ ਚੀਨ ਦੇ ਹੀ ਜਿਟਿੰਗ ਅਤੇ ਤਾਨ ਕਿਯਾਂਗ ਦੀ ਜੋੜੀ ਨੇ 49 ਮਿੰਟ ਵਿੱਚ 21-18, 16-21, 21-12 ਨਾਲ ਸ਼ਿਕਸਤ ਦੇ ਕੇ ਆਖ਼ਰੀ ਅੱਠਾਂ ਵਿੱਚ ਥਾਂ ਬਣਾਈ। ਮਨੂ-ਬੀ ਸੁਮਿਤ ਦੀ ਜੋੜੀ ਨੇ ਪਹਿਲੇ ਗੇੜ ਵਿੱਚ ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਮਲੇਸ਼ੀਆ ਦੇ ਗੋਹ ਵੀ ਸ਼ੇਮ ਅਤੇ ਤਾਨ ਵੀ ਕਿਯੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ।
ਮਿਕਸਡ ਡਬਲਜ਼ ਵਿੱਚ ਪ੍ਰਣਵ ਜੈਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਨੂੰ ਮਲੇਸ਼ੀਆ ਦੇ ਚਾਨ ਪੇਂਗ ਸੁਨ ਅਤੇ ਗੋਹ ਲਿਯੂ ਯਿੰਗ ਦੀ ਜੋੜੀ ਹੱਥੋਂ 16-21, 16-21 ਨਾਲ ਦੂਜੇ ਗੇੜ ਵਿੱਚ ਹਾਰ ਝੱਲਣੀ ਪਈ।