ਫਗਵਾੜਾ, 9 ਦਸੰਬਰ
ਇੱਥੋਂ ਦੇ ਮੁਹੱਲਾ ਊਧਮ ਸਿੰਘ ਨਗਰ ਦੇ ਇੱਕ ਪੀਜੀ ਵਿੱਚ ਬੀਤੀ ਰਾਤ ਜਨਮ ਦਿਨ ਮਨਾ ਰਹੇ ਵਿਦਿਆਰਥੀਆਂ ਨੂੰ ਰੋਕਣ ਦੌਰਾਨ ਹੋਈ ਲੜਾਈ ’ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ ਆਸ਼ੀਸ਼ ਕੁਮਾਰ (20) ਵਾਸੀ ਮੇਘਾਲਿਆ ਵਜੋਂ ਹੋਈ ਹੈ। ਇਹ ਨੌਜਵਾਨ ਲਵਲੀ ਯੂਨੀਵਰਸਿਟੀ ’ਚ ਬੀਟੈੱਕ ਦੇ ਆਖਰੀ ਵਰ੍ਹੇ ਦਾ ਵਿਦਿਆਰਥੀ ਸੀ। ਆਸ਼ੀਸ਼ ਤੇ ਉਸ ਦੇ ਦੋਸਤ ਆਪਣੇ ਸਾਥੀ ਰਿਸ਼ਭ ਦੀ ਜਨਮ ਦਿਨ ਪਾਰਟੀ ਲਈ ਪੀਜੀ ’ਚ ਇਕੱਠੇ ਹੋਏ ਸਨ। ਇਹ ਆਪਸ ’ਚ ਹਾਸਾ ਮਜ਼ਾਕ ਕਰ ਰਹੇ ਸਨ ਤਾਂ ਨੇੜਲੇ ਘਰ ਦੇ ਮੈਂਬਰਾਂ ਨੇ ਇਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ ਤੇ ਘਰ ਦੇ ਦਰਵਾਜ਼ਿਆਂ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹੋਏ ਝਗੜੇ ’ਚ ਆਸ਼ੀਸ਼ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ’ਚ ਜ਼ਖ਼ਮੀ ਹੋਇਆ ਇੱਕ ਹੋਰ ਨੌਜਵਾਨ ਅਮਨ ਕੁਮਾਰ ਵਾਸੀ ਬਿਹਾਰ ਹਸਪਤਾਲ ਦਾਖਲ ਹੈ। ਪੁਲੀਸ ਨੇ ਅਸ਼ੋਕ ਕੁਮਾਰ ਪੁੱਤਰ ਨਸੀਬ ਚੰਦ ਤੇ ਉਸ ਦੇ ਪੁੱਤਰਾਂ ਰੋਹਿਤ ਤੇ ਰੇਸ਼ਵ (14-15 ਸਾਲ) ਅਤੇ ਰਾਹੁਲ ਤੇ ਉਸ ਦੇ ਦੋ ਪੁੱਤਰਾਂ ਅਭਿਸ਼ੇਕ ਤੇ ਅੰਕਿਤ (15-16 ਸਾਲ) ਖ਼ਿਲਾਫ਼ ਕੇਸ ਦਰਜ ਕਰਕੇ ਰਾਹੁਲ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ ਨੇ ਦੱਸਿਆ ਕਿ ਘਟਨਾ ਸਮੇਂ ਵਰਤੇ ਗਏ ਬੇਸਬਾਲ ਬੈਟ ਅਤੇ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ।