ਬਠਿੰਡਾ, ਪੰਜਾਬ ਦਾ ਕਿਸਾਨ ਜਦੋਂ ਖੇਤੀ ਸੰਕਟ ਵਿੱਚ ਨਪੀੜਿਆ ਹੋਵੇ ਅਤੇ ਉੱਪਰੋਂ ਕਿਸਾਨੀ ਨੂੰ ਕੋਈ ਆਪਣੀ ਬਾਂਹ ਫੜਨ ਵਾਲਾ ਵੀ ਨਾ ਨਜ਼ਰ ਆਉਂਦਾ ਹੋਵੇ ਤਾਂ ਕਿਸਾਨ ਆਗੂਆਂ ’ਤੇ ਉਂਗਲ ਉੱਠਣੀ ਸਹਿਜ ਹੈ। ਦਸ ਰੋਜ਼ਾ ਕਿਸਾਨ ਅੰਦੋਲਨ ਦਾ ਅੱਧਵਾਟੇ ਟੁੱਟਣਾ ਅਤੇ ਜਨਤਕ ਤੌਰ ’ਤੇ ਕਿਸਾਨ ਧਿਰਾਂ ਦਾ ਆਹਮੋ-ਸਾਹਮਣੇ ਹੋਣਾ ਪੜਚੋਲ ਦੀ ਮੰਗ ਕਰਦਾ ਹੈ। ਸੱਤ ਕਿਸਾਨ ਧਿਰਾਂ ਵੱਲੋਂ ਕਿਸਾਨਾਂ ਦੇ ਮੂਲ ਮੁੱਦਿਆਂ ’ਤੇ ਸਾਂਝਾ ਸੰਘਰਸ਼ ਲੜਿਆ ਜਾ ਰਿਹਾ ਹੈ। ਕਿਸਾਨ ਧਿਰਾਂ ਦਾ ਮੰਨਣਾ ਹੈ ਕਿ ਜਨਤਕ ਤਾਕਤ ਨਾਲ ਹੀ ਸਾਂਝਾ ਘੋਲ ਲੜਿਆ ਜਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਕਹਿਣਾ ਹੈ ਕਿ ਦਸ ਦਿਨਾਂ ਕਿਸਾਨ ਅੰਦੋਲਨ ਦਾ ਸੱਦਾ ਦੇਣ ਵਾਲੇ ਪੰਜਾਬ ਵਿੱਚ ਬਿਲਕੁਲ ਫ਼ੇਲ੍ਹ ਹੋਏ ਹਨ ਅਤੇ ਆਖ਼ਰ ਜਨਤਕ ਤੌਰ ’ਤੇ ਉਨ੍ਹਾਂ ਦੀ ਜਥੇਬੰਦੀ ਨੂੰ ਵਿਰੋਧ ਵਿੱਚ ਬੋਲਣਾ ਪਿਆ ਕਿਉਂਕਿ ਆਮ ਕਿਸਾਨ ਉਨ੍ਹਾਂ ’ਤੇ ਵੀ ਸ਼ੱਕ ਕਰਨ ਲੱਗੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨੀ ’ਤੇ ਵੱਡੇ ਸਰਕਾਰੀ ਹੱਲੇ ਹੋਏ ਤਾਂ ਇਹ ਕਿਸਾਨ ਧਿਰਾਂ ਕਿਤੇ ਲੱਭੀਆਂ ਨਹੀਂ, ਜਦੋਂ ਵੋਟਾਂ ਵੇਲੇ ਕਿਸਾਨ ਏਕੇ ਦੀ ਲੋੜ ਪਈ ਤਾਂ ਇਹ ਧਿਰਾਂ ਗ਼ਾਇਬ ਹੋ ਗਈਆਂ। ਸਰਕਾਰੀ ਹੱਥ ਵਾਲੀਆਂ ਇਨ੍ਹਾਂ ਧਿਰਾਂ ਦੇ ਆਗੂ ਬੇਪਰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਮਤਭੇਦ ਹੀ ਏਕਤਾ ਵਿੱਚ ਅੜਿੱਕਾ ਹਨ। ਉਨ੍ਹਾਂ ਆਖਿਆ, ‘‘ਘੋਲ ਲੜਨ ਦੇ ਢੰਗ ਤਰੀਕੇ ਵੱਖ-ਵੱਖ ਹਨ, ਅਸੀਂ ਲੋਕ ਤਾਕਤ ਨਾਲ ਮਸਲੇ ਨਜਿੱਠਣ ਵਿੱਚ ਭਰੋਸਾ ਕਰਦੇ ਹਾਂ, ਜਦੋਂਕਿ ਦੂਜਿਆਂ ਦਾ ਸੰਘਰਸ਼ ਪਾਰਲੀਮਾਨੀ ਤਰੀਕੇ ਵੱਲ ਸੇਧਿਤ ਹੁੰਦਾ ਹੈ।’’ ਕੌਮੀ ਪੱਧਰ ’ਤੇ ਜੋ ਕਿਸਾਨ ਫਰੰਟ ਕੰਮ ਕਰ ਰਹੇ ਹਨ, ਉਨ੍ਹਾਂ ਦੇ ਏਜੰਡੇ ’ਤੇ ਕਿਸਾਨਾਂ ਦੇ ਮੂਲ ਮੁੱਦੇ ਜ਼ਮੀਨੀ ਵੰਡ, ਸੂਦਖ਼ੋਰੀ, ਕਰਜ਼ਾ, ਬੇਰੁਜ਼ਗਾਰੀ ਆਦਿ ਨਹੀਂ ਹਨ। ਜੇਕਰ ਕੌਮੀ ਫ਼ਰੰਟ ਮੂਲ ਮੁੱਦੇ ਨਹੀਂ ਚੁੱਕਦੇ ਤਾਂ ਇਹ ਲੋਕਾਂ ਨਾਲ ਨਿਰਾ ਧੋਖਾ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਦਸ ਦਿਨ ਅੰਦੋਲਨ ਕਰਨ ਵਾਲੀਆਂ ਕਿਸਾਨ ਧਿਰਾਂ ਦੀਆਂ ਮੰਗਾਂ ਜਾਇਜ਼ ਸਨ ਪ੍ਰੰਤੂ ਘੋਲ ਦਾ ਤਰੀਕਾ ਅਤੇ ਸਮਾਂ ਗ਼ਲਤ ਸੀ, ਜਿਸ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਮੈਦਾਨ ਵਿੱਚ ਨਿੱਤਰਨਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨ ਏਕਤਾ ਸਮੇਂ ਦੀ ਲੋੜ ਹੈ ਪ੍ਰੰਤੂ ਸਿਆਸੀ ਦਖ਼ਲ ਕਦੇ ਇਕੱਠੇ ਨਹੀਂ ਹੋਣ ਦਿੰਦਾ। ਕੁਝ ਕਿਸਾਨ ਧਿਰਾਂ ਦੇ ਸਿਆਸੀ ਸਵਾਰਥ ਵੀ ਅੜਿੱਕਾ ਬਣੇ ਹੋਏ ਹਨ। ਉਨ੍ਹਾਂ ਆਖਿਆ ਕਿ ਸਾਂਝੇ ਘੋਲ ਦੇ ਪਿਛਲੇ ਦਿਨਾਂ ਦੌਰਾਨ ਚੰਗੇ ਨਤੀਜੇ ਨਿਕਲੇ ਹਨ ਪ੍ਰੰਤੂ ਜੋ ਕਿਸਾਨ ਧਿਰਾਂ ਸੱਤਾਧਾਰੀਆਂ ਦੇ ਨੇੜੇ ਹਨ, ਉਨ੍ਹਾਂ ਕਰਕੇ ਆਮ ਕਿਸਾਨ ਬਾਕੀ ਸਾਰੇ ਕਿਸਾਨ ਆਗੂਆਂ ਨੂੰ ਇੱਕੋ ਰੱਸੇ ਬੰਨ੍ਹਦੇ ਹਨ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਵਿਚਾਰ ਸੀ ਕਿ ਸਾਂਝੇ ਮੁੱਦਿਆਂ ’ਤੇ ਵਿਸ਼ਾਲ ਸਾਂਝੇ ਘੋਲ ਉਸਰਨੇ ਚਾਹੀਦੇ ਹਨ ਅਤੇ ਇਹ ਸਮੇਂ ਦੀ ਲੋੜ ਹੈ ਪ੍ਰੰਤੂ ਕੁਝ ਕਿਸਾਨ ਧਿਰਾਂ ਦੀਆਂ ਉਮੀਦਾਂ ਸੰਘਰਸ਼ਾਂ ਤੋਂ ਘੱਟ ਅਤੇ ਸਿਆਸੀ ਲੀਡਰਾਂ ਤੋਂ ਵੱਧ ਹਨ। ਉਨ੍ਹਾਂ ਵਿਚਾਰਧਾਰਾ ਨੂੰ ਏਕੇ ਵਿੱਚ ਮੁੱਖ ਅੜਿੱਕਾ ਦੱਸਿਆ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਗਰਬੀ ਦਾ ਕਹਿਣਾ ਹੈ ਕਿ ਸੱਤ ਕਿਸਾਨ ਧਿਰਾਂ ਦੇ ਸਾਂਝੇ ਘੋਲ ਦੀ ਸ਼ੁਰੂਆਤ ਅਸਲ ਵਿੱਚ ਏਕਤਾ ਵੱਲ ਵਧਦੇ ਕਦਮ ਹੀ ਹਨ। ਇਹ ਸ਼ੁਭ ਸ਼ੁਰੂਆਤ ਵੀ ਹੈ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ।