ਚੰਡੀਗੜ੍ਹ, ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਨੇ ਸਿਹਤ ਤੇ ਸਿੱਖਿਆ ਦੇ ਮੁੱਦੇ ’ਤੇ ਬੋਲਦਿਆਂ ਹਾਕਮ ਧਿਰ ਤੋਂ ਚੰਗੀ ਵਾਹ-ਵਾਹ ਖੱਟੀ। ‘ਆਪ’ ਵਿਧਾਇਕ ਨੇ ਆਪਣੇ ਵਿਧਾਨ ਸਭਾ ਹਲਕੇ ਦਾਖਾ ਦੀਆਂ ਮਿਸਾਲਾਂ ਦਿੰਦਿਆਂ ਸੂਬੇ ਦੇ ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਸੁਧਾਰ ਲਿਆਉਣ ਦੀਆਂ ਸਲਾਹਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਦਾਖਾ ਹਲਕੇ ਵਿੱਚ ਇੱਕ ਪਰਵਾਸੀ ਭਾਰਤੀ ਦੀ ਮੱਦਦ ਨਾਲ ਸਰਕਾਰੀ ਸਕੂਲਾਂ ਦੇ 100 ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਨਾਲ ਪੜ੍ਹਾਈ ਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦਲੀਲ ਦਿੱਤੀ ਕਿ 30 ਕਰੋੜ ਰੁਪਏ ਨਾਲ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਾਲੇ ਕਮਰਿਆਂ ਨੂੰ ਸਮਾਰਟ ਕਲਾਸ ਰੂਮ ਵਿੱਚ ਬਦਲਿਆ ਜਾ ਸਕਦਾ ਹੈ।
ਸਿਹਤ ਦੇ ਖੇਤਰ ਦੀ ਗੱਲ ਕਰਦਿਆਂ ਸ੍ਰੀ ਫੂਲਕਾ ਨੇ ਕਿਹਾ ਕਿ ਦਾਖਾ ਹਲਕੇ ਵਿੱਚ ਹੀ ਮੋਬਾਈਲ ਡਿਸਪੈਂਸਰੀਆਂ ਦੀ ਸ਼ੁਰੂਆਤ ਕਰਦਿਆਂ ਵੈਨਾਂ ਤਿਆਰ ਕੀਤੀਆਂ ਗਈਆਂ ਹਨ ਤੇ ਇੱਕ ਵੈਨ ਹਫ਼ਤੇ ਦੇ ਅੰਦਰ 18 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੀ ਹੈ। ਉਨ੍ਹਾਂ ਇਹ ਪ੍ਰੋਜੈਕਟ ਸਰਕਾਰੀ ਪੱਧਰ ’ਤੇ ਸਾਰੇ ਪੰਜਾਬ ਵਿੱਚ ਚਲਾਉਣ ਦੀ ਵਕਾਲਤ ਕੀਤੀ। ਸ੍ਰੀ ਫੂਲਕਾ ਨੇ 1984 ਦੇ ਕਤਲੇਆਮ ਦੰਗਿਆਂ ਦੇ ਗਵਾਹਾਂ ਦੀ ਸੁਰੱਖਿਆ ਪੰਜਾਬ ਸਰਕਾਰ ਵੱਲੋਂ ਵਾਪਸ ਲਏ ਜਾਣ ਦਾ ਮੁੱਦਾ ਚੁੱਕਦਿਆਂ ਸੁਰੱਖਿਆ ਛੱਤਰੀ ਬਹਾਲ ਕਰਨ ਦੀ ਮੰਗ ਕੀਤੀ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐੱਚ.ਐੱਸ. ਫੂਲਕਾ ਵੱਲੋਂ ਦਿੱਤੀਆਂ ਦਲੀਲਾਂ ਤੇ ਸਲਾਹਾਂ ਦਾ ਸਵਾਗਤ ਕਰਦਿਆਂ ਤਾਰੀਫਾਂ ਦੇ ਪੁਲ਼ ਬੰਨ੍ਹੇ ਅਤੇ ਕਿਹਾ ਕਿ ਪੰਜਾਬ ਅਸੈਂਬਲੀ ਵਿੱਚ ਲੰਮੇ ਸਮੇਂ ਬਾਅਦ ਅਜਿਹੀਆਂ ਲੋਕ ਪੱਖੀ ਗੱਲਾਂ ਸੁਣਨ ਨੂੰ ਮਿਲੀਆਂ ਹਨ।