ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਹੁਦਾ ਛੱਡਣ ਦਾ ਸੁਝਾਅ ਦਿੱਤੇ ਜਾਣ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਉਲਟਾ ਸ੍ਰੀ ਢੀਂਡਸਾ ਨੂੰ ਕਿਹਾ ਹੈ ਕਿ ਜਿਹੜੇ ਆਗੂ ਨੇ ਸਿੰਘ ਸਾਹਿਬਾਨ ਨੂੰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਲਈ ਦਬਾਅ ਪਾਇਆ ਸੀ, ਉਹ ਕਿਉਂ ਨਾ ਅਹੁਦੇ ਤੋਂ ਪਾਸੇ ਹੋਵੇ। ਸ੍ਰੀ ਜਾਖੜ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਇਹ ਗੱਲ ਬੜੀ ਸਪੱਸ਼ਟਤਾ ਨਾਲ ਸਾਹਮਣੇ ਆਈ ਹੈ ਕਿ ਕਿਹੜੇ ਢੰਗ ਨਾਲ ਡੇਰਾ ਮੁਖੀ ਨੂੰ ਮੁਆਫੀ ਦਿਤੀ ਗਈ। ਇਸ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੁੱਦੇ ’ਤੇ ਖੁੱਲ੍ਹ ਕੇ ਬੋਲਣਾ ਹੈ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਜਿਹੜੇ ਆਗੂੁ ਨੇ ਜਥੇਦਾਰਾਂ ਨੂੰ ਮੁਆਫੀਨਾਮੇ ਲਈ ਮਜਬੂਰ ਕੀਤਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ ਅਤੇ ਜੇਕਰ ਕੋਈ ਹੋਰ ਆਗੂ ਹੈ ਤਾਂ ਉਸ ਨੂੰ ਅਹੁਦੇ ਤੋਂ ਲਾਂਭੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਜਥੇਦਾਰ ਦੀ ਥਾਂ ਅਕਾਲੀ ਦਲ ਦੇ ਪ੍ਰਧਾਨ ਬਾਦਲ ਕੋਲੋਂ ਅਸਤੀਫਾ ਮੰਗਣਾ ਚਾਹੀਦਾ ਹੈ।
ਇਕ ਸੁਆਲ ਦੇ ਜੁਆਬ ਵਿਚ ਉਨ੍ਹਾ ਕਿਹਾ ਕਿ ਬੇਅਦਬੀ ਨਾਲ ਸਬੰਧਤ ਕੇਸ ਛੇਤੀ ਸੀਬੀਆਈ ਕੋਲੋਂ ਵਾਪਸ ਲੈਣੇ ਚਾਹੀਦੇ ਹਨ ਤੇ ਪੁਲੀਸ ਦੇ ਕਾਬਲ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕਰ ਕੇ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਕੈਪਟਨ ਸਰਕਾਰ ਇਸ ਮਾਮਲੇ ’ਤੇ ਹਰ ਹਾਲ ਕਾਰਵਾਈ ਕਰੇਗੀ। ਇਸ ਗੱਲ ਦਾ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਨੂੰ ਕਿਸ ਧਾਰਾ ਦੇ ਤਹਿਤ ਕੀ ਸਜ਼ਾ ਦਿਤੀ ਜਾ ਸਕਦੀ ਹੈ। ਇਕ ਗੱਲ ਬੜੀ ਸਪੱਸ਼ਟ ਹੈ ਕਿ ਬਹਿਬਲ ਕਲਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਈ ਗਈ। ਉਥੇ ਕੋਈ ਅਮਨ ਕਾਨੂੰਨ ਦੀ ਸਮੱਸਿਆ ਨਹੀਂ ਸੀ।
ਉਨ੍ਹਾਂ ਸਵਾਲ ਕੀਤਾ ਕਿ ਇੱਡਾ ਵੱਡਾ ਧੱਕਾ ਕਿਉਂ ਤੇ ਕਿਸ ਦੇ ਕਹਿਣ ’ਤੇ ਕੀਤਾ ਗਿਆ। ਉਸ ਵੇਲੇ ਦੇ ਸੂਬੇ ਦੇ ਪੁਲੀਸ ਮੁਖੀ ਸੁਮੇਧ ਸੈਣੀ ਨੇ ਸਰਕਾਰ ਦੇ ਹੁਕਮਾਂ ’ਤੇ ਕਾਰਵਾਈ ਕੀਤੀ ਹੋਵੇਗੀ। ਉਸ ਦੀ ਮੁੱਖ ਮੰਤਰੀ ਨਾਲ ਉਸ ਦਿਨ ਤੜਕੇ ਗੱਲਬਾਤ ਵੀ ਹੋਈ ਸੀ ਤੇ ਉਸ ਨੇ ਇਸ ਬਾਰੇ ਹਲਫੀਆ ਬਿਆਨ ਵੀ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ 5 ਸਤੰਬਰ ਨੂੰ ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਤੇ ਹੋਰ ਥਾਵਾਂ ’ਤੇ ਜਾਣਗੇ ਤੇ ਗੋਲੀ ਕਾਂਡ ਦੇ ਜ਼ਖਮੀਆਂ ਨੂੰ ਮਿਲਣਗੇ।