ਪਟਿਆਲਾ, 31 ਮਾਰਚ
ਸ਼੍ਰੋਮਣੀ ਅਕਾਲੀ ਦਲ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਆਪਣੇ ਚੇਤੇ ’ਚੋਂ ਵਿਸਾਰ ਦਿੱਤਾ ਹੈ| ਮਰਹੂਮ ਟੌਹੜਾ ਦੇ ਜ਼ਿਲ੍ਹੇ ਦੀ ਪਟਿਆਲਾ ਇਕਾਈ ਵੀ ਐਤਕੀਂ ਪੰਥ ਰਤਨ ਦਾ ਬਰਸੀ ਸਮਾਗਮ ਭੁੱਲ ਗਈ। ਪੰਜਾਬ ਸਰਕਾਰ ਵੱਲੋਂ ਭਾਵੇਂ ਪਹਿਲੀ ਅਪਰੈਲ ਨੂੰ ਪਿੰਡ ਟੌਹੜਾ ਵਿੱਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ, ਪਰ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚ ਕੋਈ ਸ਼ਰਧਾਂਜਲੀ ਸਮਾਗਮ ਨਹੀਂ ਰੱਖਿਆ ਗਿਆ| ਸਰਕਾਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜ ਰਹੇ ਹਨ। ਅਕਾਲੀ ਦਲ ਵੱਲੋਂ ਪਿਛਲੇ ਸਾਲ ਕੈਪਟਨ ਸਰਕਾਰ ਵੱਲੋਂ ਪੰਥ ਰਤਨ ਦੀ ਯਾਦ ਵਿੱਚ ਪਿੰਡ ਟੌਹੜਾ ਵਿੱਚ ਰੱਖੇ ਸੂਬਾ ਪੱਧਰੀ ਸਮਾਗਮ ਦੇ ਬਰਾਬਰ ਹੀ ਬਹਾਦਰਗੜ੍ਹ (ਪਟਿਆਲਾ) ਵਿੱਚ ਵੱਖਰੇ ਤੌਰ ’ਤੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ ਸਨ, ਪਰ ਐਤਕੀਂ ਅਕਾਲੀ ਦਲ ਨੇ ਕੋਈ ਸਮਾਗਮ ਨਹੀਂ ਰੱਖਿਆ।
ਅਕਾਲੀ ਸਫ਼ਾਂ ਦੇ ਇੱਕ ਹਿੱਸੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਆਪਣੀ ਸਰਕਾਰ ਦੌਰਾਨ ਤਾਂ ਹਰ ਸਾਲ ਬਰਸੀ ਸਮਾਗਮ ਕਰਦੇ ਸਨ, ਪਰ ਹੁਣ ਉਨ੍ਹਾਂ ਪੰਥ ਰਤਨ ਨੂੰ ਆਪਣੇ ਚੇਤਿਆਂ ’ਚੋਂ ਵਿਸਾਰ ਦਿੱਤਾ ਹੈ। ਅਕਾਲੀ ਦਲ ਦੇ ਪਟਿਆਲਾ (ਦਿਹਾਤੀ) ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਮੰਨਿਆ ਹੈ ਕਿ ਜ਼ਿਲ੍ਹੇ ਵਿੱਚ ਮਰਹੂਮ ਟੌਹੜਾ ਦੀ ਬਰਸੀ ਸਬੰਧੀ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਤੇ ਨਾ ਹੀ ਪਾਰਟੀ ਹਾਈ ਕਮਾਂਡ ਵੱਲੋਂ ਅਜਿਹੇ ਪ੍ਰੋਗਰਾਮ ਸਬੰਧੀ ਕੋਈ ਅਗਾਊਂ ਜਾਣਕਾਰੀ ਦਿੱਤੀ ਗਈ ਹੈ।
ਇਸ ਦੌਰਾਨ ‘ਪੰਥ ਰਤਨ ਜਥੇਦਾਰ ਟੌਹੜਾ ਯਾਦਗਾਰੀ ਸੁਸਾਇਟੀ ਫਤਹਿਗੜ੍ਹ ਸਾਹਿਬ’ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਯਤਨਾਂ ਨਾਲ ਭਲਕੇ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਆਡੀਟੋਰੀਅਮ ਵਿੱਚ ਮਰਹੂਮ ਟੌਹੜਾ ਦੀ ਬਰਸੀ ਨੂੰ ਸਮਰਪਿਤ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ| ਜਥੇਦਾਰ ਪੰਜੋਲੀ ਨੇ ਦੱਸਿਆ ਕਿ ਉਹ ਹਰ ਸਾਲ ਅਜਿਹਾ ਪ੍ਰੋਗਰਾਮ ਕਰਾਉਂਦੇ ਹਨ। ਉਧਰ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਬਾਦਲਾਂ ਨੇ ਜਥੇਦਾਰ ਟੌਹੜਾ ਨੂੰ ਜਿਉਂਦੇ ਜੀਅ ਹੀ ਵਿਸਾਰਿਆ ਹੋਇਆ ਸੀ|