ਕੋਲੰਬੋ, ਇੰਗਲੈਂਡ ਵਿੱਚ ਹੋਣ ਵਾਲੇ ਅਗਲੇ ਵਿਸ਼ਵ ਕੱਪ ’ਤੇ ਨਜ਼ਰਾਂ ਲਾ ਕੇ ਬੈਠਾ ਭਾਰਤੀ ਕਪਤਾਨ ਵਿਰਾਟੀ ਕੋਹਲੀ ਉਨ੍ਹਾਂ 20-25 ਖਿਡਾਰੀਆਂ ਨੂੰ ਛੇਤੀ ਹੀ ਭਾਲ ਲਵੇਗਾ, ਜਿਹੜੇ ਟੂਰਨਾਮੈਂਟ ਲਈ ਭਾਰਤੀ ਟੀਮ ਦੇ ਕੋਰ ਗਰੁੱਪ ਵਿੱਚ ਹੋਣਗੇ। ਕੋਹਲੀ ਸਾਹਮਣੇ ਚੋਣ ਸਬੰਧੀ ਦੁਚਿਤੀ ਹੋਵੇਗੀ ਕਿਉਂਕਿ ਇੱਕ ਪਾਸੇ ਸੀਨੀਅਰ ਗੇਂਦਬਾਜ਼ ਉਮੇਸ਼ ਯਾਦਵ, ਆਰ ਅਸ਼ਵਿਨ ਅਤੇ ਮੁਹੰਮਦ ਸ਼ਮੀ ਹੋਣਗੇ ਤੇ ਦੂਜੇ ਪਾਸੇ ਅਕਸ਼ਰ ਪਟੇਲ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਜਿਹੇ ਜੂਨੀਅਰ ਖਿਡਾਰੀਆਂ ਹਨ, ਜਿਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ 5-0 ਨਾਲ ਮਿਲੀ ਜਿਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਕੋਹਲੀ ਨੇ ਕਿਹਾ, ‘ਸਭ ਤੋਂ ਚੰਗੀ ਗੱਲ ਪਾਰਦਰਸ਼ਤਾ ਹੈ। 20-25 ਖਿਡਾਰੀ ਹਨ ਜਿਹੜੇ ਵਿਸ਼ਵ ਕੱਪ ਲਈ ਸੰਭਾਵਿਤ ਹੋਣਗੇ। ਸਭ ਨੂੰ ਵੱਖੋ-ਵੱਖਰੇ ਪੱਧਰ ’ਤੇ ਆਪਣੀ ਸਾਰਥਿਕਤਾ ਸਾਬਤ ਕਰਨ ਦਾ ਮੌਕਾ ਮਿਲੇਗਾ।’ ਉਸ ਨੇ ਕਿਹਾ, ‘ਗੇਂਦਬਾਜ਼ਾਂ ਲਈ ਤੇ ਖ਼ਾਸਕਰ ਸਪਿੰਨਰਾਂ ਲਈ ਇਹ ਚੁਣੌਤੀਪੂਰਨ ਹੋਵੇਗਾ ਹਾਲਾਂਕਿ ਅਸੀਂ ਇਸ ਸਬੰਧੀ ਕੋਈ ਕਿਆਸ ਨਹੀਂ ਲਾਉਣਾ ਚਾਹੁੰਦੇ।’ ਕੋਹਲੀ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਉਸ ਦੇ ਖਿਡਾਰੀ ਬਾਹਰ ਹੋਣ ਦਾ ਦੁਖ ਮਨਾਉਣ ਦੀ ਥਾਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਕੋਹਲੀ ਨੇ ਕਿਹਾ, ‘ਇਸ ਟੀਮ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਖਿਡਾਰੀਆਂ ਵਿੱਚ ਜ਼ਬਰਦਸਤ ਖੇਡ ਭਾਵਨਾ ਹੈ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ਉਹ ਸਖ਼ਤ ਮਿਹਨਤ ਕਰਨ ਵਾਲੇ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹੇ ਖਿਡਾਰੀ ਮਿਲੇ ਹਨ, ਜਿਹੜੇ ਕਿਸੇ ਵੀ ਫ਼ੈਸਲੇ ਤੋਂ ਖ਼ਫ਼ਾ ਨਹੀਂ ਹੁੰਦੇ। ਇਸ ਨਾਲ ਮੇਰਾ ਕੰਮ ਸੌਖਾ ਹੋ ਜਾਂਦਾ ਹੈ। ਉਸ ਨੇ ਕਿਹਾ, ‘ਅਸੀਂ ਵਿਸ਼ਵ ਕੱਪ ਦੇ ਕੋਰ ਗਰੁਪ ਦੀ ਭਾਲ ਛੇਤੀ ਕਰ ਲਵਾਂਗੇ। ਆਉਣ ਵਾਲੀਆਂ ਕਈ ਲੜੀਆਂ ਸਾਡੇ ਲਈ ਅਹਿਮ ਹੋਣਗੀਆਂ ਤਾਂ ਜੋ ਸੰਤੁਲਿਤ ਟੀਮ ਤਿਆਰ ਹੋ ਸਕੇ।’