ਅੰਮ੍ਰਿਤਸਰ, ਚੀਫ ਖਾਲਸਾ ਦੀਵਾਨ ਦੇ ਸਾਬਕਾ ਆਗੂ ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡੀਓ, ਉਸ ਦੀ ਬਲੈਕਮੇਲਿੰਗ, ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਦੇ ਮਾਮਲੇ ਅਤੇ ਸਬੰਧਤ ਔਰਤ ਵਲੋਂ ਲਾਏ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅੱਜ ਇਸ ਸਮੁੱਚੇ ਮਾਮਲੇ ਵਿਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਇਥੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀਪੀ) ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਚਰਨਜੀਤ ਸਿੰਘ ਚੱਢਾ ਦਾ ਛੋਟਾ ਪੁੱਤਰ ਹਰਜੀਤ ਸਿੰਘ ਚੱਢਾ, ਰਵਿੰਦਰ ਕੌਰ ਬਮਰਾ (ਪ੍ਰਿੰਸੀਪਲ), ਉਸ ਦਾ ਪਤੀ ਵਰੁਣਦੀਪ ਸਿੰਘ, ਸੁਰਜੀਤ ਸਿੰਘ, ਵਿਜੈ ਉਮਤ, ਗੁਰਸੇਵਕ ਸਿੰਘ, ਇੰਦਰਪ੍ਰੀਤ ਸਿੰਘ ਅਨੰਦ, ਦਵਿੰਦਰ ਸੰਧੂ ਅਤੇ ਇਕ ਹੋਰ ਔਰਤ ਕੇ. ਘੁੰਮਣ ਸ਼ਾਮਲ ਹਨ। ਇਨ੍ਹਾਂ ਨੂੰ ਸਿੱਟ ਨੇ ਅੱਜ ਜਾਂਚ ਲਈ ਤਲਬ ਕੀਤਾ ਸੀ ਤੇ ਬਾਅਦ ਵਿੱਚ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਸਰ ਪੁਲੀਸ ਹਵਾਲੇ ਕਰ ਦਿੱਤਾ।
ਇਸ ਸਮੁੱਚੇ ਚੱਢਾ ਮਾਮਲੇ ਵਿਚ ਸਰਕਾਰ ਨੇ ਆਈਜੀ ਕਰਾਇਮ ਐਲ.ਕੇ. ਯਾਦਵ ਦੀ ਅਗਵਾਈ ਹੇਠ ਸਿੱਟ ਦਾ ਗਠਨ ਕੀਤਾ ਸੀ, ਜਿਸ ਵਲੋਂ ਮਹੀਨੇ ਭਰ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਗ਼ੌਰਤਲਬ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਇਕ ਇਤਰਾਜ਼ਯੋਗ ਵੀਡਿਓ ਪਿਛਲੇ ਵਰ੍ਹੇ ਦਸੰਬਰ ਦੇ ਅਖੀਰਲੇ ਦਿਨਾਂ ਵਿਚ ਵਾਇਰਲ ਹੋਈ ਸੀ, ਜਿਸ ਕਾਰਨ ਸਿੱਖ ਜਗਤ ਵਿਚ ਨਵਾਂ ਵਿਵਾਦ ਛਿੜ ਗਿਆ ਸੀ। ਵੀਡਿਓ ਵਿਚ ਦਿਖਾਈ ਦਿੰਦੀ ਔਰਤ ਨੇ ਚੱਢਾ ’ਤੇ ਸ਼ੋਸ਼ਣ ਦੇ ਦੋਸ਼ ਲਾਏ ਸਨ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਚੱਢਾ ਤੇ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੂੰ ਨਾਮਜ਼ਦ ਕੀਤਾ ਸੀ ਪਰ 3 ਜਨਵਰੀ ਨੂੰ ਚੱਢਾ ਦੇ ਬੇਟੇ ਇੰਦਰਪ੍ਰੀਤ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੇ ਖੁਦਕੁਸ਼ੀ ਨੋਟ ਅਤੇ ਉਸ ਦੇ ਬੇਟੇ ਦੇ ਬਿਆਨਾਂ ’ਤੇ ਪੁਲੀਸ ਨੇ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿਚ ਸੋਸ਼ਣ ਦਾ ਦੋਸ਼ ਲਾਉਣ ਵਾਲੀ ਔਰਤ ਅਤੇ ਚੀਫ ਖਾਲਸਾ ਦੀਵਾਨ ਦੇ ਕੁਝ ਆਗੂ ਵੀ ਸ਼ਾਮਲ ਸਨ। ਪਹਿਲਾਂ ਚੱਢਾ ਦੀ ਸ਼ਿਕਾਇਤ ’ਤੇ ਜਲੰਧਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਸੀ।