ਮੁਹਾਲੀ, ਇੱਥੇ ਪੀਸੀਏ ਸਟੇਡੀਅਮ ਵਿਖੇ ਬੀਤੀ ਸ਼ਾਮ ਸ਼ੁਰੂ ਹੋਈ ਸੀਆਈਆਈ-ਸੀਸੀਸੀ ਕਾਰਪੋਰੇਟ ਕ੍ਰਿਕਟ ਲੀਗ ਦੇ ਉਦਘਾਟਨੀ ਮੈਚ ਵਿੱਚ ਚੰਡੀਗੜ੍ਹ ਸਿਟੀ ਸੈਂਟਰ (ਸੀਸੀਸੀ) ਨੇ ਸੀਆਈਆਈ ਵਾਈ ਨੂੰ ਅੱਠ ਵਿਕਟਾਂ ਨਾਲ ਹਰਾਇਆ। ਜੇਤੂ ਟੀਮ ਨੇ ਸੌਰਭ ਜਿੰਦਲ ਤੇ ਮਯੰਕ ਦੀ ਵਧੀਆ ਸਾਂਝੀਵਾਲਤਾ ਨਾਲ ਸਿਰਫ 16 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 149 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਮਯੰਕ ਨੇ 72 ਦੌੜਾਂ ਬਣਾਈਆਂ ਜਦੋਂਕਿ ਸੌਰਭ ਨੇ 54 ਦੌੜਾਂ ਦਾ ਯੋਗਦਾਨ ਪਾਇਆ।
ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਟਾਸ ਜਿੱਤਣ ਮਗਰੋਂ ਸੀਆਈਆਈ ਵਾਈ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਕੁੱਲ 20 ਓਵਰਾਂ ਵਿੱਚ 148 ਦੌੜਾਂ ਬਣਾਈਆਂ। ਰਵੀ ਵਰਮਾ ਤੇ ਰਾਨੇਸ਼ ਨੇ ਸਭ ਤੋਂ ਵੱਧ 42 ਤੇ 48 ਦੌੜਾਂ ਬਣਾਈਆਂ। ਚੰਡੀਗੜ੍ਹ ਸਿਟੀ ਸੈਂਟਰ ਦੇ ਡਾਇਰੈਕਟਰ ਅਰੁਨ ਜਿੰਦਲ ਨੇ ਦੱਸਿਆ ਕਿ ਇਸ ਲੀਗ ਦਾ ਉਦਘਾਟਨ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਲੀਗ ਵਿੱਚ ਖੇਤਰ ਅਤੇ ਦਿੱਲੀ ਐਨਸੀਆਰ ਤੋਂ 40 ਟੀਮਾਂ ਹਿੱਸਾ ਲੈ ਰਹੀਆਂ ਹਨ ਜੋ 80 ਮੈਚ ਖੇਡਣਗੀਆਂ। ਫਾਈਨਲ ਮੈਚ ਨਵੰਬਰ ਦੇ ਪਹਿਲੇ ਹਫਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਖੇਡਿਆ ਜਾਵੇਗਾ।