ਚੰਡੀਗੜ੍ਹ,ਯੂਟੀ ਸਿਹਤ ਵਿਭਾਗ ਲਈ ਸਵਾਈਨ ਫਲੂ ਅਤੇ ਡੇਂਗੂ ਚੁਣੌਤੀ ਬਣ ਗਿਆ ਹੈ। ਦੋਹਾਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੰਜ ਹੋਰ ਮਰੀਜ਼ਾਂ ਨੂੰ ਅੱਜ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਪੀਜੀਆਈ ਦਾ ਲੈਬਾਰਟਰੀ ਤਕਨੀਸ਼ਨ ਸ਼ਾਮਲ ਹੈ। ਸਵਾਇਨ ਫਲੂ ਅਤੇ ਡੇਂਗੂ ਸਮੇਤ ਪਾਣੀ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ 148 ਨੂੰ ਪੁੱਜ ਗਈ ਹੈ। ਸਿਹਤ ਵਿਭਾਗ ਨੇ ਬਿਮਾਰੀ ਦੀ ਰੋਕਥਾਮ ਲਈ 110 ਟੀਮਾਂ ਦਾ ਗਠਨ ਕੀਤਾ ਹੈ। ਸਵਾਇਨ ਫਲੂ ਦੇ ਕੁੱਲ ਮਰੀਜ਼ਾਂ ਵਿਚੋਂ ਦਸ ਫ਼ੀਸਦ ਡਾਕਟਰੀ ਕਿੱਤੇ ਨਾਲ ਸਬੰਧਤ ਹਨ।
ਜਿਹੜੇ ਪੰਜ ਨਵੇਂ ਮਰੀਜ਼ਾਂ ਨੂੰ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਵਿੱਚ ਇੱਕ ਛੇ ਸਾਲਾਂ ਦੇ ਬੱਚੇ ਨੂੰ ਐਡਵਾਂਸ ਪਡੈਟਰਿਕ ਸੈਂਟਰ ’ਚ ਦਾਖ਼ਲ ਕਰਾਇਆ ਗਿਆ ਹੈ। ਪੁਰਾਣੇ ਡੱਡੂ ਮਾਜਰਾ ਦੇ 26 ਸਾਲਾ ਮਰੀਜ਼ ਨੂੰ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਸੈਕਟਰ 45 ਦੇ 63 ਸਾਲਾ ਬਜ਼ੁਰਗ ਦਾ ਫੋਰਟਿਸ ਵਿੱਚ ਇਲਾਜ ਸ਼ੁਰੂ ਹੋ ਗਿਆ ਹੈ। ਖੁੱਡਾ ਲਹੌਰਾ ਦਾ 24 ਸਾਲਾ ਅਤੇ ਸੈਕਟਰ 24 ਦੀ 23 ਸਾਲਾ ਲੜਕੀ ਨੂੰ ਪੀਜੀਆਈ ਦਾਖ਼ਲ ਕਰਾਇਆ ਗਿਆ ਹੈ। ਖੁੱਡਾ ਲਹੌਰਾ ਦਾ ਇਹ ਗੱਭਰੂ ਪੀਜੀਆਈ ਵਿੱਚ ਲੈਬਾਰਟਰੀ ਤਕਨੀਸ਼ਨ ਦਾ ਕੰਮ ਕਰ ਰਿਹਾ ਹੈ। ਡੇਂਗੂ ਦੇ ਪਿਛਲੇ ਅੱਠ ਦਿਨਾਂ ਵਿੱਚ ਦਸ ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹੋਏ ਹਨ। ਉਂਜ ਡੇਂਗੂ ਦੇ ਮਰੀਜ਼ਾਂ ਦੀ ਕੁਲ ਗਿਣਤੀ 31 ਨੂੰ ਪੁੱਜ ਗਈ ਹੈ। ਸਰਕਾਰੀ ਤੌਰ ’ਤੇ ਮਿਲੀ ਜਾਣਕਾਰੀ ਮੁਤਾਬਿਕ ਇਸ ਸਾਲ ਚਿਕਨਗੁਨੀਆ ਦੇ 66 ਅਤੇ ਮਲੇਰੀਆ ਦੇ 37 ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹੋ ਚੁੱਕੇ ਹਨ।
ਪੀਜੀਆਈ ਦੇ ਚਾਰ ਡਾਕਟਰ ਸਵਾਇਨ ਫਲੂ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਤਿੰਨ ਕੰਸਲਟੈਂਟਸ ਨੂੰ ਇਕੋ ਦਿਨ ਬਿਮਾਰੀ ਦੀ ਪੁਸ਼ਟੀ ਹੋਈ ਸੀ। ਇਹ ਡਾਕਟਰ ਗੁਰਦਾ ਰੋਗ, ਬੱਚਾ ਰੋਗ ਅਤੇ ਮਨੋਰੋਗ ਦੇ ਮਾਹਿਰ ਹਨ। 11 ਜੁਲਾਈ ਨੂੰ ਇੱਕ ਹੋਰ ਮਹਿਲਾ ਡਾਕਟਰ ਅਤੇ ਪੰਜ ਅਗਸਤ ਨੂੰ ਇਕ ਜੂਨੀਅਰ ਡਾਕਟਰ ਵੀ ਬਿਮਾਰ ਹੋ ਗਈਆਂ ਸਨ। ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ , ਸੈਕਟਰ 32 ਦਾ ਇੱਕ ਡਾਕਟਰ ਵੀ ਸਵਾਇਨ ਫਲੂ ਕਰਕੇ ਬਿਮਾਰ ਪੈ ਗਿਆ ਸੀ। ਪੀਜੀਆਈ ਦੇ ਇਕ ਲੈਬਾਰਟਰੀ ਤਕਨੀਸ਼ੀਅਨ ਨੂੰ ਅੱਜ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ। ਹਸਪਤਾਲਾਂ ਵਿੱਚ ਸਵਾਇਲ ਫਲੂ ਅਤੇ ਡੇਂਗੂ ਦੇ ਮਰੀਜ਼ਾਂ ਲਈ ਵੱਖਰੀਆਂ ਵਾਰਡਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਵਾਰਡਾਂ ਵਿੱਚ ਤਾਇਨਾਤ ਸਟਾਫ ਨੂੰ ਬਚਾਅ ਲਈ ਅਗਾਉਂ ਦਵਾਈ ਵੀ ਦਿੱਤੀ ਜਾਂਦੀ ਹੈ ਅਤੇ ਡਿਉੂਟੀ ਦੌਰਾਨ ਮੂੰਹ ’ਤੇ ਮਾਸਕ ਬੰਨ੍ਹ ਕੇ ਰੱਖਣ ਲਈ ਕਿਹਾ ਗਿਆ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾਕਟਰ ਗੌਰਭ ਅੱਗਰਵਾਲ ਕਹਿੰਦੇ ਹਨ ਸਾਰੇ ਬਚਾਅ ਕਰਨ ’ਤੇ ਵੀ ਹਵਾ ’ਚ ਫੈਲ ਰਹੇ ਜਰਮਾਂ ਤੋਂ ਪੂਰੀ ਤਰ੍ਹਾਂ ਬਚਾਅ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਹਸਪਤਾਲਾਂ ਦਾ ਸਟਾਫ਼ ਜਲਦ ਇਨਫੈਕਸ਼ਨ ਨੂੰ ਫੜ੍ਹਦਾ ਹੈ। ਉਨ੍ਹਾਂ ਕਿਹਾ ਕਿ ਸਵਾਇਨ ਫਲੂ ਅਤੇ ਡੇਂਗੂ ਸਿਹਤ ਵਿਭਾਗ ਲਈ ਚੁਣੌਤੀ ਬਣ ਰਿਹਾ ਹੈ। ਵਿਭਾਗ ਦੇ ਮੁਲਾਜ਼ਮ ਬਗ਼ੈਰ ਦਿਨ ਰਾਤ ਦੀ ਪ੍ਰਵਾਹ ਕੀਤਿਆਂ ਮਰੀਜ਼ਾਂ ਦੇ ਬਚਾਅ ਵਿੱਚ ਲੱਗੇ ਹੋਏ ਹਨ। ਸਿਹਤ ਵਿਭਾਗ ਬਿਮਾਰੀ ਦੇ ਇਲਾਜ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਵਿੱਚ ਵੀ ਜੁਟ ਗਿਆ ਹੈ।
ਸਵਾਇਨ ਫਲੂ ਦੇ ਸ਼ੁਰੂਆਤੀ ਲੱਛਣ
ਮਰੀਜ਼ ਦੇ ਖੰਘਣ, ਨਿੱਛ ਮਾਰਨ ਜਾਂ ਕੋਲ ਹੋ ਕੇ ਗੱਲਾਂ ਕਰਨ ਨਾਲ ਦੂਜੇ ਨੂੰ ਲਾਗ਼ ਲੱਗ ਜਾਂਦੀ ਹੈ। ਗ਼ਲਾ ਖ਼ਰਾਬ, ਖੰਘਤ, ਨੱਕ ਦਾ ਵਗਣਾ, ਸਰੀਰ ਪੀੜ੍ਹ, ਸਿਰ ਦਰਦ ਅਤੇ ਠੰਡ ਆਦਿ ਲੱਗਣਾ ਸਵਾਇਨ ਫਲੂ ਦੇ ਸ਼ੁਰੂਆਤੀ ਲੱਛਣ ਹਨ।