ਚੰਡੀਗੜ੍ਹ, 8 ਮਈ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ ਸਾਲ 2019 ਵਿੱਚ ਲੋਕ ਸਭਾ ਦੀ ਚੋਣ ਜ਼ਰੂਰ ਲੜੇਗੀ ਅਤੇ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਕਾਂਗਰਸ ਨੂੰ ਸਖਤ ਟੱਕਰ ਦੇ ਕੇ ਜਿੱਤ ਹਾਸਲ ਕਰੇਗੀ। ਸ੍ਰੀ ਸਿਸੋਦੀਆ ਨੇ ਇਹ ਐਲਾਨ ‘ਆਪ’ ਦੀ ਚੰਡੀਗੜ੍ਹ ਇਕਾਈ ਦੇ ਕਨਵੀਨਰ ਸੀਏ ਪ੍ਰੇਮ ਗਰਗ ਅਤੇ ਸਥਾਨਕ ਕਾਰਜਕਾਰਨੀ ਦੇ ਆਗੂਆਂ (ਸੇਵਾਮੁਕਤ) ਡੀਐੱਸਪੀ ਵਿਜੈ ਪਾਲ ਸਿੰਘ, ਐਚਕੇ ਅਰੋੜਾ, ਕੇਕੇ ਘਈ, ਵਿਕਰਮ ਪੁੰਡੀਰ, ਪ੍ਰੋ. ਗੁਰਦੇਵ ਸਿੰਘ, ਸ਼ਿਸ਼ੂ ਪਾਲ ਅਤੇ ਕੌਸ਼ਲ ਸਿੰਘ ਆਦਿ ਨਾਲ ਮੀਟਿੰਗ ਮਗਰੋਂ ਕੀਤਾ।
ਸ੍ਰੀ ਸਿਸੋਦੀਆ ਨੇ ਕਿਹਾ ਕਿ ਪਾਰਟੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੇ 1.08 ਲੱਖ ਵੋਟਾਂ ਹਾਸਲ ਕਰਕੇ ਕਾਂਗਰਸ ਤੇ ਭਾਜਪਾ ਨੂੰ ਵੱਡੀ ਸਿਆਸੀ ਟੱਕਰ ਦਿੱਤੀ ਸੀ ਜਦਕਿ ਉਸ ਵੇਲੇ ਚੰਡੀਗੜ੍ਹ ਵਿੱਚ ‘ਆਪ’ ਨਵੀਂ ਪਾਰਟੀ ਵਜੋਂ ਉਤਰੀ ਸੀ ਜਦਕਿ ਹੁਣ ਤਾਂ ਇੱਥੋਂ ਦੀ ਇਕਾਈ ਪੂਰੀ ਤਰਾਂ ਸਰਗਰਮ ਹੈ। ਦੱਸਣਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਪਾਰਟੀ ਦੀਆਂ ਗਤੀਵਿਧੀਆਂ ਮੱਧਮ ਪੈ ਗਈਆਂ ਸਨ ਅਤੇ ਬਾਅਦ ਵਿੱਚ ਜੋਗਿੰਦਰ ਯਾਦਵ ਧੜੇ ਦੇ ਅਲੱਗ ਹੋਣ ਕਾਰਨ ਪ੍ਰੋ. ਮਨਜੀਤ ਸਿੰਘ ਵਰਗੇ ਆਗੂ ਇਸ ਪਾਰਟੀ ਤੋਂ ਦੂਰ ਚਲੇ ਗਏ ਸਨ, ਜਿਸ ਕਾਰਨ ਇੱਥੋਂ ਦਾ ਯੂਨਿਟ ਢਿੱਲਾ ਪੈ ਗਿਆ ਸੀ। ਹੁਣ ਪਿਛਲੇ ਸਮੇਂ ਚੰਡੀਗੜ੍ਹ ਇਕਾਈ ਦਾ ਪ੍ਰੇਮ ਗਰਗ ਨੂੰ ਕਨਵੀਨਰ ਬਣਾਉਣ ਤੋਂ ਬਾਅਦ ‘ਆਪ’ ਇੱਥੇ ਮੁੜ ਸਰਗਰਮ ਹੋ ਗਈ ਹੈ। ਸ੍ਰੀ ਸਿਸੋਦੀਆ ਨੇ ਚੰਡੀਗੜ੍ਹ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਨੇ ਇਸ ਮੌਕੇ ਦੱਸਿਆ ਕਿ ਉਹ ਪ੍ਰਸ਼ਾਸਨ ਵੱਲੋਂ ਰੋਜ਼ ਗਾਰਡਨ ਅਤੇ ਸੈਕਟਰ-17 ਤੱਕ ਪੈਦਲ ਜਾਣ ਵਾਲਿਆਂ ਲਈ ਬਣਾਏ ਜਾ ਰਹੇ ਅੰਡਰਪਾਸ ਸਮੇਤ ਹੋਰ ਲੋਕ ਮੁੱਦਿਆਂ ਨੂੰ ਨਿਰੰਤਰ ਉਭਾਰ ਰਹੇ ਹਨ।
ਸਿਆਸੀ ਮੁਕਾਬਲੇ ਲਈ ਹੋਰ ਵੀ ਤਿਆਰ
ਦੋਵਾਂ ਰਵਾਇਤੀ ਪਾਰਟੀਆਂ ਨੂੰ ਤੀਜੀ ਧਿਰ ਵਜੋਂ ਸਿਰਫ਼ ਬਸਪਾ ਹੀ ਟੱਕਰ ਨਹੀਂ ਦੇਵੇਗੀ ਸਗੋਂ ‘ਆਪ’ ਸਮੇਤ ਪਰਵਾਸੀ ਭਲਾਈ ਮੰਚ ਦੇ ਕੌਮੀ ਕਨਵੀਨਰ ਅਵਿਨਾਸ਼ ਸਿੰਘ ਸ਼ਰਮਾ ਵੀ ‘ਚੰਡੀਗੜ੍ਹ ਦੀ ਆਵਾਜ਼’ ਦੇ ਪਲੇਟਫਾਰਮ ਤੋਂ ਟੱਕਰ ਦੇਣ ਲਈ ਤਿਆਰੀਆਂ ਕੱਸੀ ਬੈਠੇ ਹਨ। ਇਸ ਤੋਂ ਇਲਾਵਾ ਭਾਜਪਾ ਤੋਂ ਬਾਗੀ ਹੋਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਵੀ ਅੱਜ-ਕੱਲ੍ਹ ਜਨ ਕਲਿਆਣ ਮੰਚ ਬਣਾ ਕੇ ਆਪਣਾ ਵੱਖਰਾ ਸਿਆਸੀ ਪਲੇਟਫਾਰਮ ਤਿਆਰ ਕਰ ਰਹੇ ਹਨ, ਜਿਸ ਕਾਰਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ਭਾਜਪਾ ਨੂੰ ਚੁਫੇਰਿਓਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।