ਚੰਡੀਗੜ੍ਹ, 8 ਮਈ

ਪੱਛਮੀ ਗੜਬੜ ਕਾਰਨ ਉਤਰੀ ਭਾਰਤ ਵਿੱਚ ਮੌਸਮ ਦੀ ਖ਼ਰਾਬੀ ਦਾ ਅਸਰ ਅੱਜ ਸ਼ਾਮ ਚੰਡੀਗੜ੍ਹ ਤੇ ਪੰਜਾਬ-ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਚੰਡੀਗੜ੍ਹ ਵਿੱਚ ਸ਼ਾਮ ਵੇਲੇ ਆਈ ਜ਼ੋਰਦਾਰ ਧੂੜਭਰੀ ਹਨੇਰੀ ਕਾਰਨ ਜਨਜੀਵਨ ਉਤੇ ਮਾੜਾ ਅਸਰ ਪਿਆ। ਇਸ ਕਾਰਨ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਈਂ ਬਿਜਲੀ ਸਪਲਾਈ ਵੀ ਠੱਪ ਹੋ ਗਈ ਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ। ਹਰਿਆਣਾ ਸਰਕਾਰ ਨੇ ਮੰਗਲਵਾਰ ਨੂੰ ਮੀਂਹ-ਝੱਖੜ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਸੂਬੇ ਭਰ ਦੇ ਮਿਉਂਸਿਪਲ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਦਿਆਂ ਉਨ੍ਹਾਂ ਨੂੰ ਮੰਗਲਵਾਰ ਨੂੰ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਅੱਗ ਬੁਝਾਊ ਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਇਥੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਕਵਿਤਾ ਜੈਨ ਦੀ ਪ੍ਰਧਾਨਗੀ ਹੇਠ ਸੀਨੀਅਰ ਅਧਿਕਾਰੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਖ਼ਬਰਦਾਰ ਕੀਤਾ ਹੈ ਕਿ ਮੰਗਲਵਾਰ ਨੂੰ ਉਤਰੀ ਭਾਰਤ ਵਿੱਚ ਮੌਸਮ ਬੁਰੀ ਤਰ੍ਹਾਂ ਖ਼ਰਾਬ ਰਹੇਗਾ ਅਤੇ ਕਈ ਥਾਈਂ ਹਨੇਰੀ-ਝੱਖੜ ਆ ਸਕਦੇ ਹਨ। ਇਸ ਦੌਰਾਨ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਵਿਭਾਗ ਨੇ ਨਾਰੰਗੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮਾੜੇ ਮੌਸਮ ਦਾ ਅਸਰ ਚੰਡੀਗੜ੍ਹ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਪੱਛਮੀ ਉਤਰ ਪ੍ਰਦੇਸ਼ ਤੋਂ ਇਲਾਵਾ ਸਿੱਕਮ ਤੇ ਪੱਛਮੀ ਬੰਗਾਲ ਤੱਕ ਪਵੇਗਾ। ਇਨ੍ਹਾਂ ਸੂਬਿਆਂ ਵਿੱਚ ਕਈ ਥਾਈਂ ਝੱਖੜ ਆ ਸਕਦੇ ਹਨ। ਵਿਭਾਗ ਵੱਲੋਂ ਬਹੁਤ ਜ਼ਿਆਦਾ ਖ਼ਤਰੇ ਲਈ ਲਾਲ, ਜ਼ਿਆਦਾ ਖ਼ਤਰੇ ਲਈ ਨਾਰੰਗੀ, ਖ਼ਤਰੇ ਲਈ ਪੀਲੀ ਤੇ ਘੱਟ ਖ਼ਤਰੇ ਲਈ ਹਰੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।

ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਮ੍ਰਿਤਯੁੰਜੈ ਮੋਹਾਪਾਤਰਾ ਨੇ ਕਿਹਾ ਕਿ ਇਸ ਕਾਰਨ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਤੇ ਹਰਿਆਣਾ ਦੇ ਆਸਮਾਨ ਵਿੱਚ ਵਾਵਰੋਲੇ ਵਾਲੀ ਸਥਿਤੀ ਬਣੀ ਹੋਈ ਹੈ। ਇਸ ਕਾਰਨ ਉਤਰੀ ਭਾਰਤ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਇਸ ਦੌਰਾਨ ਝੱਖੜ ਦੀ ਸ਼ਿੱਦਤ 2 ਮਈ ਨੂੰ ਆਏ ਝੱਖੜ ਨਾਲੋਂ ਘੱਟ ਰਹਿਣ ਦੇ ਆਸਾਰ ਹਨ।’’ ਦੱਸਣਯੋਗ ਹੈ ਕਿ ਉਸ ਦਿਨ ਆਏ ਧੂੜ ਭਰੇ ਝੱਖੜ ਕਾਰਨ ਰਾਜਸਥਾਨ ਤੇ ਯੂਪੀ ਵਿੱਚ 100 ਤੋਂ ਵੱਧ ਜਾਨਾਂ ਗਈਆਂ ਸਨ। ਉਨ੍ਹਾਂ ਕਿਹਾ, ‘‘ਪੰਜਾਬ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਸਾਹਿਲੀ ਤੇ ਦੱਖਣੀ ਅੰਦਰੂਨੀ ਕਰਨਾਟਕ ਤੇ ਕੇਰਲ ਵਿੱਚ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ।’’     –

ਕਸ਼ਮੀਰ ਵਿੱਚ ਬਰਫ਼ਬਾਰੀ, ਉੱਤਰਾਖੰਡ ’ਚ ਮੀਂਹ-ਝੱਖੜ
ਸ੍ਰੀਨਗਰ/ਦੇਹਰਾਦੂਨ: ਮੌਸਮੀ ਖ਼ਰਾਬੀ ਦੌਰਾਨ ਜੰਮੂ-ਕਸ਼ਮੀਰ ਦੀ ਚਨਾਬ ਵਾਦੀ ਵਿੱਚ ਉਚੀਆਂ ਚੋਟੀਆਂ ਉਤੇ ਅੱਜ ਦੂਰ-ਦੂਰ ਤੱਕ ਹੋਈ ਬੇਮੌਸਮੀ ਬਰਫ਼ਬਾਰੀ ਕਾਰਨ ਖ਼ਿੱਤੇ ਵਿੱਚ ਠੰਢ ਵਰਤ ਗਈ। ਇਸ ਕਾਰਨ ਖ਼ਾਸਕਰ ਸੈਂਕੜੇ ਘੁਮੰਤਰੂ ਗੁੱਜਰ ਤੇ ਬੱਕਰਵਾਲ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਗਈ ਹੈ। ਇਸੇ ਤਰ੍ਹਾਂ ਉੱਤਰਾਖੰਡ ਵਿੱਚ ਅੱਜ ਝੱਖੜ ਤੇ ਤੇਜ਼ ਬਾਰਸ਼ਾਂ ਕਾਰਨ ਚਮੋਲੀ ਜ਼ਿਲ੍ਹੇ ਵਿੱਚ ਦੋ ਤੀਰਥ ਯਾਤਰੀ ਜ਼ਖ਼ਮੀ ਹੋ ਗਏ। ਤ੍ਰਿਪੁਰਾ ਵਿੱਚ ਦੇਰ ਸ਼ਾਮ ਆਏ ਤੂਫਾਨ ਕਾਰਨ ਖੋਵਾਈ ਜ਼ਿਲ੍ਹੇ ਵਿੱਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਸੈਂਕੜੇ ਘਰ ਨੁਕਸਾਨੇ ਗਏ।