ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੂੰ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਇਸ਼ੀਬਾ ਦੇ ਸੱਤਾਧਾਰੀ ਗੱਠਜੋੜ ਨੂੰ ਸੰਸਦੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਹਾਰਨ ਤੋਂ ਬਾਅਦ, ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦੇ ਉੱਚ ਸਦਨ ਦੀਆਂ ਚੋਣਾਂ ਹਾਰਨ ਦੇ ਬਾਵਜੂਦ ਅਹੁਦੇ ‘ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ ਤਾਂ ਜੋ ਦੇਸ਼ ਵਧਦੀਆਂ ਕੀਮਤਾਂ ਅਤੇ ਉੱਚ ਅਮਰੀਕੀ ਟੈਰਿਫ ਵਰਗੀਆਂ ਚੁਣੌਤੀਆਂ ਨਾਲ ਨਜਿੱਠ ਸਕੇ।
ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਕਿ ਉਨ੍ਹਾਂ ਨੇ ਨਤੀਜਿਆਂ ਨੂੰ ਗੰਭੀਰਤਾ ਨਾਲ ਲਿਆ ਹੈ, ਪਰ ਉਨ੍ਹਾਂ ਦੀ ਤਰਜੀਹ ਰਾਜਨੀਤਿਕ ਖਲਾਅ ਪੈਦਾ ਕਰਨ ਤੋਂ ਬਚਣਾ ਅਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣਾ ਸੀ, ਜਿਸ ਵਿੱਚ ਅਮਰੀਕਾ ਨਾਲ ਟੈਰਿਫ ਸੌਦੇ ਲਈ 1 ਅਗਸਤ ਦੀ ਸਮਾਂ ਸੀਮਾ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ ਅਤੇ ਇੱਕ ਆਪਸੀ ਲਾਭਦਾਇਕ ਸਮਝੌਤੇ ‘ਤੇ ਪਹੁੰਚਣਗੇ।
ਦੱਸ ਦੇਈਏ ਕਿ ਸੋਮਵਾਰ ਨੂੰ ਹੋਈਆਂ ਮਹੱਤਵਪੂਰਨ ਸੰਸਦੀ ਚੋਣਾਂ ਵਿੱਚ ਇਸ਼ੀਬਾ ਦੇ ਸੱਤਾਧਾਰੀ ਗੱਠਜੋੜ ਨੂੰ 248 ਸੀਟਾਂ ਵਾਲੇ ਉੱਚ ਸਦਨ ਵਿੱਚ ਬਹੁਮਤ ਨਹੀਂ ਮਿਲ ਸਕਿਆ। ਜਾਪਾਨ ਦੀ ਸੰਸਦ ਦੇ ਉਪਰਲੇ ਸਦਨ ‘ਡਾਈਟ’, ‘ਹਾਊਸ ਆਫ਼ ਕੌਂਸਲਰਜ਼’ ਦੀਆਂ 248 ਸੀਟਾਂ ਵਿੱਚੋਂ 124 ਲਈ ਐਤਵਾਰ ਨੂੰ ਵੋਟਿੰਗ ਹੋਈ ਸੀ। ਇਸ਼ੀਬਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲਡੀਪੀ) ਅਤੇ ਇਸਦੇ ਗੱਠਜੋੜ ਭਾਈਵਾਲ ਕੋਮੀਤੋ ਨੂੰ ਬਹੁਮਤ ਬਣਾਈ ਰੱਖਣ ਲਈ ਪਹਿਲਾਂ ਹੀ 75 ਸੀਟਾਂ ਤੋਂ ਇਲਾਵਾ 50 ਸੀਟਾਂ ਜਿੱਤਣ ਦੀ ਲੋੜ ਸੀ, ਪਰ ਗੱਠਜੋੜ ਸਿਰਫ 47 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ਰਹੇ। ਇਹ ਅੰਕੜਾ ਬਹੁਮਤ ਤੋਂ ਤਿੰਨ ਸੀਟਾਂ ਘੱਟ ਹੈ ਅਤੇ ਇਸਦੇ ਪਿਛਲੇ ਅੰਕੜਿਆਂ ਨਾਲੋਂ 19 ਸੀਟਾਂ ਘੱਟ ਹਨ।














