ਜਸਵਿੰਦਰ ਛਿੰਦਾ ਦੇਹੜਕੇ

ਚੋਣਾਂ ਦੇ ਦਿਨ ਆ ਗਏ ਸਨ। ਦੇਸ਼ ਵਿਚ ਆਪਣੀ ਸਰਕਾਰ ਬਣਾਉਣ ਲਈ ਹਰੇਕ ਕੇਂਦਰੀ ਪਾਰਟੀ ਵੱਲੋਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਆਪਣੇ-ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਕੇ, ਹਰ ਵਰਗ ਦੇ ਲੋਕਾਂ ਨੂੰ ਲੁਭਾਉਣ ਲਈ ਵਾਅਦਿਆਂ ਦੀ ਝੜੀਆਂ ਜਿਹੀਆਂ ਲਾ ਦਿੱਤੀਆਂ ਸਨ। ਨਿੱਤ ਕੋਈ ਨਾ ਕੋਈ ਲੀਡਰ ਪਿੰਡਾਂ ਦੀਆਂ ਸੱਥਾਂ ’ਚ ਲੋਕਾਂ ਦੇ ਇਕੱਠ ਵਿਚ ਇਕ ਦੂਜੇ ਤੋਂ ਵਧ ਕੇ ਵਾਅਦਿਆਂ-ਲਾਰਿਆਂ ਦਾ ਚੋਣ ਮਨੋਰਥ ਪੱਤਰ ਸਾਂਝਾ ਕਰਦਾ ਅਤੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਪੋਤੜੇ ਫਰੋਲਦਾ ਨਜ਼ਰ ਆ ਰਿਹਾ ਸੀ। ਆਉ, ਇਨ੍ਹਾਂ ਦੇ ਭਾਸ਼ਣਾਂ ਦਾ ਉਤਾਰਾ ਲੋਕਾਂ ਦੀ ਨੋਕ ਝੋਕ ਨਾਲ ਤੁਹਾਡੇ ਸਨਮੁੱਖ ਕਰੀਏ।

ਪੁਰਾਣੀ ਪਾਰਟੀ ਦੇ ਉਮੀਦਵਾਰ ਬੱਬਰ ਸਿੰਘ ਨੇ ਝੋਲੀ ਅੱਡ ਕੇ ਲੋਕਾਂ ਤੋਂ ਵੋਟ ਮੰਗਦਿਆਂ ਆਪਣੇ ਆਪ ਨੂੰ ਉਨ੍ਹਾਂ ਦੇ ਦਰ ਦਾ ਭਿਖਾਰੀ ਕਹਿੰਦਿਆਂ ਸੰਬੋਧਨ ਕੀਤਾ, ‘‘ਪਿਆਰੇ ਲੋਕੋ, ਮੇਰੇ ਪਿਤਾ ਜੀ ਰਾਜ ਮੰਤਰੀ ਰਹਿ ਚੁੱਕੇ ਨੇ ਥੋਡੀ ਕ੍ਰਿਪਾ ਦੀ ਬਦੌਲਤ ਅਤੇ ਦਾਦਾ ਜੀ ਤਾਂ ਕੇਂਦਰੀ ਮੰਤਰੀ ਵੀ ਰਹੇ ਨੇ ਪਰ ਥੋਡੀ ਕ੍ਰਿਪਾ ਨਾਲ। ਹੁਣ ਮੈਂ ਆਇਆ ਹਾਂ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਵੱਡੇ ਫ਼ਰਕ ਨਾਲ ਜਿੱਤਾਂਗਾ, ਪਰ ਉਹ ਵੀ ਥੋਡੇ ਆਸ਼ੀਰਵਾਦ ਨਾਲ ਹੀ ਸੰਭਵ ਹੈ।’’ ਸੱਥ ’ਚੋਂ ਆਵਾਜ਼ ਆਈ, ‘‘ਫੇਰ ਤਾਂ ਤੂੰ ਖਾਨਦਾਨੀ ਭਿਖਾਰੀ ਹੋਇਆ।’’ ਲੀਡਰ ਨੇ ਬੋਲਣਾ ਜਾਰੀ ਰੱਖਿਆ, ‘‘ਇਹ ਮੌਜੂਦਾ ਸਰਕਾਰ ਨੇ ਥੋਡਾ ਕੀ ਸਵਾਰਿਆ? ਥੋਡੇ ਨਾਲ ਝੂਠੇ ਵਾਅਦੇ ਕਰ ਕੇ ਅਜੇ ਤੱਕ ਪੂਰੇ ਨਹੀਂ ਕੀਤੇ, ਥੋਡੇ ਨਾਲ ਧੋਖਾ ਕੀਤਾ।’’ ਫਿਰ ਆਵਾਜ਼ ਆਈ, ‘‘ਤੂੰ ਵੀ ਸਾਡਾ ਕੀ ਸਵਾਰਨਾ ਬੱਬਰ ਸਿਆਂ? ਤੂੰ ਵੀ ਆਵਦਾ ਈ ਬੱਬਰ ਭਰਨੈਂ।’’ ਲੀਡਰ ਅੱਗੇ ਬੋਲਿਆ, ‘‘ਇਨ੍ਹਾਂ ਦੇ ਨੇਤਾ ਨਿੱਤ ਨਵੇਂ ਘਪਲੇ ਕਰ ਰਹੇ ਨੇ। ਇਹ ਦਰੱਖਤ ਦੀਆਂ ਜੜ੍ਹਾਂ ਨੂੰ ਲੱਗੇ ਉਸ ਘੁਣ ਵਾਂਗ ਨੇ ਜੋ ਅੰਦਰੋ-ਅੰਦਰੀ ਦੇਸ਼ ਦੀ ਤਾਕਤ ਨੂੰ ਖੋਖਲਾ ਕਰ ਰਹੇ ਨੇ।’’ ਇਕੱਠ ਵਿਚੋਂ ਆਵਾਜ਼ ਫਿਰ ਗੂੰਜੀ, ‘‘…ਤੇ ਤੁਸੀਂ ਭਾਸ਼ਣ ਰੂਪੀ ਸਪਰੇਅ ਕਰ ਕੇ ਇਨ੍ਹਾਂ ਨੂੰ ਮਾਰ ਰਹੇ ਓ।’’ ਬੱਬਰ ਸਿੰਘ ਨੇ ਅੱਗੇ ਸੰਬੋਧਨ ਕੀਤਾ, ‘‘ਜੇ ਤੁਸੀਂ ਸਾਨੂੰ ਜਿਤਾਉਗੇ ਤਾਂ ਮੈਂ ਵਾਅਦਾ ਕਰਦਾਂ ਕਿ ਥੋਡੀਆਂ ਸਭ ਮੰਗਾਂ ਪਹਿਲ ਦੇ ਅਧਾਰ ’ਤੇ ਪੂਰੀਆਂ ਕਰਾਂਗਾ। ਮੈਨੂੰ ਆਪਣੇ ਜਵਾਲਾ ਸਿਹੁੰ ਨੇ ਦੱਸਿਆ ਤਾਂ ਪਤਾ ਲੱਗਾ ਕਿ ਏਸ ਪਿੰਡ ਦੀਆਂ ਕੁੜੀਆਂ ਨੂੰ ਸ਼ਹਿਰ ਪੜ੍ਹਨ ਜਾਣਾ ਪੈਂਦੈ। ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਪਿੰਡ-ਪਿੰਡ ਕਾਲਜ ਖੋਲ੍ਹ ਦਿਆਂਗੇ ਤਾਂ ਜੋ ਮੁੰਡਿਆਂ ਨੂੰ ਸ਼ਹਿਰ ਨਾ ਜਾਣਾ ਪਵੇ।’’ ਲੋਕਾਂ ’ਚੋਂ ਆਵਾਜ਼ ਫਿਰ ਆਈ, ‘‘ਲੈ ਮੁੰਡੇ ਤਾਂ ਕੁੜੀਆਂ ਮਗਰ ਜਹੱਨੁਮ ਵਿਚ ਚਲੇ ਜਾਣ।’’ ਲੀਡਰ ਨੇ ਗ਼ਲਤੀ ਦਾ ਅਹਿਸਾਸ ਕਰਦਿਆਂ ਕਿਹਾ, ‘‘ਓ ਸੱਚ ਕੁੜੀਆਂ, ਕੁੜੀਆਂ ਨੂੰ ਸ਼ਹਿਰ ਨਹੀਂ ਜਾਣਾ ਪਵੇਗਾ। ਇਸ ਲਈ ਯਾਦ ਰੱਖਿਉ ਮੇਰਾ ਚੋਣ ਨਿਸ਼ਾਨ ਆ ਵੱਟਾ।’’ ਇਸ ਵਾਰ ਲੋਕਾਂ ਦੀ ਆਵਾਜ਼ ਹਾਸੜ ’ਚ ਬਦਲ ਗਈ ਕਿਉਂਕਿ ਉਨ੍ਹਾਂ ਨੇ ਵਾਰ ਵਾਰ ਆ ਰਹੀ ਆਵਾਜ਼ ਨੂੰ ਇਹ ਕਹਿੰਦਿਆਂ ਸੁਣਿਆ, ‘‘ਅੱਛਾ! ਫੇਰ ਤਾਂ ਸਮਝ ਲੈ ਪੈ ਗਿਆ ਬੇੜੀਆਂ ’ਚ ਵੱਟਾ।’’

ਅਗਲੇ ਦਿਨਾਂ ਵਿਚ ਦੂਜੀ ਪਾਰਟੀ ਦਾ ਉਮੀਦਵਾਰ ਆਇਆ। ਨਵੇਂ ਆਏ ਲੀਡਰ ਦਾ ਭਾਸ਼ਣ ਸੁਣਨ ਲਈ ਲੋਕ ਕੰਨਾਂ ਤੋਂ ਪੱਗਾਂ ਖਿਸਕਾ ਕੇ ਬੈਠ ਗਏ। ਕਈ ਵਾਰ ਜੇ ਪਿੰਡ ਦਾ ਕੋਈ ਗਰਮ ਖ਼ੂਨ ਵਾਲਾ ਗੱਭਰੂ ਕਹਿੰਦਾ ਕਿ ‘‘ਇਨ੍ਹਾਂ ਨਾਲ ਗੱਲ ਕਰਨੀ ਐ, ਹਰ ਵਾਰ ਲਾਰੇ ਲਾ ਕੇ ਤੁਰ ਜਾਂਦੇ ਨੇ,’’ ਤਾਂ ਪਿੰਡ ਦੇ ਪਾਰਟੀ ਮੋਹਤਬਰ ਆਗੂ ਕਹਿ ਦਿੰਦੇ, ‘‘ਐਵੇਂ ਨਾ ਕਾਕਾ ਮਾਹੌਲ ਖਰਾਬ ਕਰ ਦੇਵੀਂ। ਯਾਦ ਰੱਖ ਤੇਰੇ ਪਿਉ ’ਤੇ ਪਏ ਭੁੱਕੀ ਦੇ ਕੇਸ ਦਾ ਮਾਮਲਾ ਅਸੀਂ ਈ ਰਫ਼ਾ-ਦਫ਼ਾ ਕਰਵਾਇਆ ਸੀ।’’ ਚਲੋ ਜੀ, ਉਹ ਪਟਾਕਾ ਵੀ ਠੁੱਸ ਹੋ ਕੇ ਰਹਿ ਜਾਂਦਾ ਜਾਂ ਬਹੁਤੇ ਨੌਜਵਾਨ ਮੋਹਤਬਰਾਂ ਦੇ ਮੂੰਹ ਨੂੰ ਦੇਖਦਿਆਂ ਗੱਲ ਕਰਨੀ ਚਾਹੁੰਦੇ ਹੋਣ ਦੇ ਬਾਵਜੂਦ ਸਬਰ ਦਾ ਘੁੱਟ ਪੀ ਲੈਂਦੇ।

ਇਕ ਦਿਨ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਲੀਡਰ ਜਲਵਾ ਕੁਮਾਰ ਜੀ ਪਹੁੰਚ ਚੁੱਕੇ ਸਨ। ਗਾਉਣ ਵਾਲਿਆਂ ਨੂੰ ਹਟਾ ਦਿੱਤਾ ਗਿਆ ਤੇ ਉਹ ਆਪਣਾ ਭਾਸ਼ਣ ਜਲਦੀ ਖ਼ਤਮ ਕਰ ਕੇ ਅਗਲੇ ਪਿੰਡ ਜਾਣਾ ਚਾਹੁੰਦਾ ਸੀ ਕਿਉਂਕਿ ਪਹਿਲਾਂ ਹੀ ਦੋ ਘੰਟੇ ਲੇਟ ਸੀ। ਜਲਵਾ ਕੁਮਾਰ ਨੇ ਜਿਉਂ ਹੀ ਭਾਸ਼ਣ ਦੇਣ ਤੋਂ ਪਹਿਲਾਂ ‘ਮੇਰਾ ਭਾਰਤ ਮਹਾਨ’ ਦਾ ਨਾਅਰਾ ਲਾਇਆ ਤਾਂ ਇਕੱਠ ਦੇ ਮਗਰੋਂ ਉੱਚੀ ਸਾਰੀ ਆਵਾਜ਼ ਆਈ ‘…ਤੇ ਜਲਵਾ ਕੁਮਾਰ ਸ਼ੈਤਾਨ’। ਸਾਰੇ ਸਰੋਤਿਆਂ ਦੀਆਂ ਨਜ਼ਰਾਂ ਇਕਦਮ ਪਿੱਛੇ ਵੱਲ ਘੁੰਮ ਗਈਆਂ। ਉਸ ਆਵਾਜ਼ ਵਾਲੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਪੱਲੇ ਨਾ ਪਿਆ। ਜਲਵਾ ਕੁਮਾਰ ਭਾਵੇਂ ਘਬਰਾ ਗਿਆ ਸੀ, ਪਰ ਉਸ ਨੇ ਆਪਣਾ ਪ੍ਰਭਾਵ ਲੋਕਾਂ ’ਤੇ ਬਣਾਈ ਰੱਖਣ ਲਈ ਬੋਲਣਾ ਜਾਰੀ ਰੱਖਦਿਆਂ ਕਿਹਾ, ‘‘ਇਹ ਕਿਸੇ ਵਿਰੋਧੀ ਦੀ ਸ਼ਰਾਰਤ ਹੈ, ਤੁਸੀਂ ਏਧਰ ਧਿਆਨ ਦਿਉ। ਪਿਆਰੇ ਵੋਟਰੋ, ਤੁਸੀਂ ਮੇਰੇ ਜਲਵਿਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋ। ਸਾਡੇ ਵਿਰੋਧੀ ਸਾਡੇ ’ਤੇ ਝੂਠੇ ਇਲਜ਼ਾਮ ਲਾ ਰਹੇ ਨੇ ਕਿ ਅਸੀਂ ਕਰੋੜਾਂ ਰੁਪਏ ਦੇ ਘਪਲੇ ਕੀਤੇ ਨੇ, ਕਹਿੰਦੇ ਅਸੀਂ ਰੇਹ ਖਾ ਗੇ, ਚਾਰਾ ਖਾ ਗੇ।’’ ਆਵਾਜ਼ ਫਿਰ ਆਈ, ਪਰ ਅੱਗੇ ਨਾਲੋਂ ਮੱਧਮ, ‘‘ਤਾਹੀਓਂ ਤੇਰੀ ਔਲਾਦ, ਮੇਰਾ ਮਤਲਬ ਫ਼ਸਲ ਚੰਗੀ ਹੋਈ ਐ ਤੇ ਸਾਡੀਆਂ ਮੱਝਾਂ, ਗਾਵਾਂ, ਬੱਕਰੀਆਂ ਭੁੱਖੀਆਂ ਰਿੰਗਦੀਆਂ ਨੇ।’’ ਫਿਰ ਵੀ ਜਲਵਾ ਕੁਮਾਰ ਨੇ ਬੋਲਣਾ ਜਾਰੀ ਰੱਖਿਆ, ‘‘ਚਾਰਾ ਤਾਂ ਅਸੀਂ ਖਾਧਾ, ਪਰ ਇਨ੍ਹਾਂ ਦੇ ਢਿੱਡ ਭਲਾ ਕਿਉਂ ਦੁਖਦੇ ਨੇ?’’ ਆਵਾਜ਼ ਫਿਰ ਆਈ, ‘‘ਉਹ ਕਹਿੰਦੇ ਸਾਨੂੰ ਖੁਰਲੀ ਖਾਲੀ ਛੱਡ ’ਤੀ, ਅਸੀਂ ਵੀ ਮੂੰਹ ਮਾਰਨਾ ਸੀ।’’ ਜਿਨ੍ਹਾਂ ਲੋਕਾਂ ਨੂੰ ਇਹ ਆਵਾਜ਼ ਸੁਣੀ ਉਨ੍ਹਾਂ ਲੋਕਾਂ ਦਾ ਦਬਵਾਂ ਹਾਸਾ ਵੀ ਇਕ ਵੱਖਰੀ ਸੁਰ ਲੈ ਕੇ ਸਟੇਜ ਤੱਕ ਪੁੱਜਾ। ‘‘ਇਹ ਸਾਨੂੰ ਕਹਿੰਦੇ ਅਸੀਂ ਘਪਲੇ ਕੀਤੇ ਐ। ਭਲਾ ਤੁਸੀਂ ਹੀ ਦੱਸੋ, ਅਸੀਂ ਆਪਣੇ ਘਰਦਿਆਂ ਦੀਆਂ ਕੁਰਬਾਨੀਆਂ ਨੂੰ ਕਿਵੇਂ ਭੁੱਲ ਸਕਦੇ ਆਂ ਜਿਨ੍ਹਾਂ ਨੇ ਸਾਨੂੰ ਪਾਲ-ਪੋਸ ਕੇ ਇਸ ਕਾਬਲ ਬਣਾਇਆ।’’ ਫਿਰ ਦੱਬਵੀਂ ਆਵਾਜ਼ ਸੁਣਾਈ ਦਿੱਤੀ, ‘‘ਤਾਂ ਜੋ ਲੋਕਾਂ ਦੇ ਢਿੱਡ ’ਤੇ ਲੱਤ ਮਾਰ ਕੇ ਆਵਦੇ ਬੱਬਰ ਭਰ ਸਕੋ।’’ ਜਲਵਾ ਕੁਮਾਰ ਅੱਗੇ ਬੋਲਿਆ, ‘‘ਦੇਖੋ, ਤੁਸੀਂ ਮੈਨੂੰ ਪਹਿਲਾਂ ਜਿਤਾਇਆ, ਮੈਂ ਆਪਣੇ ਰੋਣੇ-ਧੋਣੇ ਧੋਤੇ, ਦੂਜੀ ਵਾਰ ਜਿੱਤਣ ’ਤੇ ਮੈਂ ਆਪਣੇ ਰਿਸ਼ਤੇਦਾਰਾਂ, ਆਂਢੀਆਂ-ਗੁਆਂਢੀਆਂ ਦੇ ਰੋਣੇ ਧੋਣੇ ਧੋਤੇ। ਹੁਣ ਤੀਜੀ ਵਾਰ ਮੈਂ ਬਿਲਕੁਲ ਫਰੀ ਹੋ ਕੇ ਆਇਆਂ, ਜੇ ਤੁਸੀਂ ਮੈਨੂੰ ਜਿਤਾ ਦਿੱਤਾ ਤਾਂ ਮੈਂ ਸਿਰਫ਼ ਥੋਡੇ ਹੀ ਰੋਣੇ-ਧੋਣੇ ਧੋਵਾਂਗਾ। ਪਰ ਜੇ ਕਿਸੇ ਹੋਰ ਨੂੰ ਜਿਤਾ ਦਿੱਤਾ ਤਾਂ ਉਹਨੇ ਵੀ ਮੇਰੇ ਵਾਂਗ ਪਹਿਲਾਂ ਆਪਣੇ ਰੋਣੇ-ਧੋਣੇ ਧੋਣੇ ਨੇ ਤੇ ਤੁਸੀਂ ਫੇਰ ਸਹੂਲਤਾਂ ਤੋਂ ਸੱਖਣੇ ਰਹਿ ਜਾਓਗੇ। ਇਸ ਲਈ ਤੁਸੀਂ ਹੁਣ ਮੈਨੂੰ ਹੀ ਵੋਟਾਂ ਪਾ ਕੇ ਜਿਤਾਓ। ਮੈਂ ਥੋਡਾ ਪੂਰਾ ਖਿਆਲ ਰੱਖਾਂਗਾ ਕਿਉਂਕਿ ਹੁਣ ਮੈਂ ਪੂਰਾ ਰੱਜਿਆ ਹੋਇਆਂ।’’ ਇਹ ਨਾਕਾਬਲੇ-ਬਰਦਾਸ਼ਤ ਗੱਲ ਸੁਣ ਕੇ ਆਵਾਜ਼ ਆਈ, ‘‘ਉਹ ਤਾਂ ਤੇਰੀ ਗੋਗੜ ਦੇਖ ਕੇ ਈ ਪਤਾ ਲੱਗ ਗਿਆ। ਤੈਨੂੰ ਹੁਣ ਡਕਾਰ ਵੀ ਨੀ ਆਉਂਦਾ।’’ ਇਸ ਦੌਰਾਨ ਲੀਡਰ ਦੇ ਕੰਨ ਵਿਚ ਪਿੰਡ ਦੇ ਮੋਹਤਬਰ ਨੇ ਕੁਝ ਕਿਹਾ ਤਾਂ ਲੀਡਰ ‘ਹਾਂ ਹਾਂ’ ਕਹਿੰਦਾ ਆਖਣ ਲੱਗਿਆ, ‘‘ਮੈਨੂੰ ਹੁਣੇ-ਹੁਣੇ ਬਿੱਕਰ ਸਿੰਘ ਨੇ ਦੱਸਿਆ ਕਿ ਇੱਥੇ ਸਮਸ਼ਾਨਘਾਟ ਦਾ ਬੁਰਾ ਹਾਲ ਐ। ਜੇ ਤੁਸੀਂ ਮੈਨੂੰ ਤੀਜੀ ਵਾਰ ਵੀ ਜਿਤਾ ਦਿੱਤਾ ਤਾਂ ਮੈਂ ਥੋਡੇ ਨਾਲ ਵਾਅਦਾ ਕਰਦਾਂ ਕਿ ਘਰ-ਘਰ ਸਮਸ਼ਾਨਘਾਟ ਬਣਾ ਦਿਆਂਗਾ। ਓ ਨਈ ਸੱਚ! ਮੇਰਾ ਮਤਲਬ ਕਈ ਵਾਰ ਬੋਲਣ ’ਚ ਗ਼ਲਤੀ ਹੋ ਜਾਂਦੀ ਐ।’’ ਹੁਣ ਕਿੰਨੀਆਂ ਹੀ ਆਵਾਜ਼ਾਂ ਆਈਆਂ, ‘‘ਲੈ ਕਰ ਲੋ ਘਿਉ ਨੂੰ ਭਾਂਡਾ, ਇਹ ਭਾਲਦਾ ਸਾਡੀ ਸੁੱਖ! ਵੈਸੇ ਜੋ ਤੇਰੇ ਦਿਲ ਵਿਚ ਸੀ ਉਹ ਸੱਚ ਤਾਂ ਸਾਹਮਣੇ ਆ ਈ ਗਿਆ।’’ ਜਲਵਾ ਕੁਮਾਰ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਖਿਸਕਣ ਤੋਂ ਪਹਿਲਾਂ ਕਾਹਲੀ ਵਿਚ ਆਪਣਾ ਭਾਸ਼ਣ ਖ਼ਤਮ ਕਰਦਿਆਂ ਕਹਿੰਦਾ, ‘‘ਮੇਰੇ ਚੋਣ ਨਿਸ਼ਾਨ ’ਤੇ ਧੜਾਧੜ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰੋ। ਮੇਰਾ ਚੋਣ ਨਿਸ਼ਾਨ- ਮੇਰਾ ਚੋਣ ਨਿਸ਼ਾਨ ਹੈ ਗਰੀਬ ਦੇ ਢਿੱਡ ’ਤੇ ਮੁੱਕਾ।’’ ਇਕ ਹੋਰ ਵਿਅੰਗਮਈ ਆਵਾਜ਼ ਆਈ, ‘‘ਸਮਝ ਗਏ ਸਮਝ ਗਏ, ਗਰੀਬ ਦੇ ਢਿੱਡ ਨੂੰ ਵੀ ਤੇ ਥੋਡੇ ਮੁੱਕੇ ਨੂੰ ਵੀ। ਗਰੀਬ ਦੇ ਢਿੱਡ ਨੂੰ ਤੁਸੀਂ ਕਿੱਥੇ ਭਰਨ ਦੇਣੈ। ਜਿਹੜਾ ਮਾੜਾ ਮੋਟਾ ਢਿੱਡ ’ਚ ਕੁਛ ਹੈਗਾ ਉਹ ਤੁਸੀਂ ਮੁੱਕਾ ਮਾਰ ਕੇ ਕੱਢ ਦੇਣੈ।’’ ਉਹ ਫਿਰ ਬੋਲਿਆ, ‘‘ਮੋਹਰਾਂ ਗਰੀਬ ਦੇ ਢਿੱਡ ’ਤੇ ਮੁੱਕਾ ਮਾਰ ਕੇ ਲਾਉਣੀਆਂ ਨੇ, ਵੋਟਾਂ ਮੈਨੂੰ ਵੱਧ ਤੋਂ ਵੱਧ ਪਾਉਣੀਆਂ ਨੇ। ਭੁੱਲਣਾ ਨੀ ਮੇਰਾ ਚੋਣ ਨਿਸ਼ਾਨ, ਗਰੀਬ ਦੇ ਢਿੱਡ ’ਤੇ ਮੁੱਕਾ।’’ ਇਹ ਕਹਿ ਕੇ ਜਲਵਾ ਕੁਮਾਰ ਕਦੋਂ ਆਪਣੀ ਕਾਰ ’ਚ ਜਾ ਬੈਠਾ ਪਤਾ ਵੀ ਨਹੀਂ ਲੱਗਿਆ। ਕਿਸੇ ਨੇ ਉਹਦੇ ਜਾਂਦਿਆਂ ਜਾਂਦਿਆਂ ਮਾਈਕ ਫੜ ਕੇ ਬੋਲ ਦਿੱਤਾ, ‘‘ਗਰੀਬ ਆਪਣੇ ਢਿੱਡ ਨੂੰ ਕਿਵੇਂ ਭੁੱਲ ਜੂ। ਤੂੰ ਆਪਣਾ ਢਿੱਡ ਸੰਭਾਲ ਕੇ ਲੈ ਜਾ…।’’ ਇਸ ਤਰ੍ਹਾਂ ਇਹ ਲੀਡਰ ਆਪਣੀ ਥਿੜਕਦੀ ਜ਼ੁਬਾਨ ਨਾਲ ਕਾਹਲੀ ਨਾਲ ਆਪਣਾ ਭਾਸ਼ਣ ਖ਼ਤਮ ਕਰ ਕੇ ਪਿੰਡ ਦੇ ਪਾਰਟੀ ਮੈਂਬਰਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਗਿਆ ਸੀ, ਘਰ ਘਰ ਸਮਸ਼ਾਨਘਾਟ ਬਣਾਉਣ ਵਾਲੀ। ਹੁਣ ਉਹ ਥਾਂ-ਥਾਂ ਸਫ਼ਾਈਆਂ ਦਿੰਦੇ ਫਿਰਦੇ ਸਨ। ਅਕਸਰ ਲੀਡਰਾਂ ਦੇ ਨਾ ਪੂਰੇ ਕੀਤੇ ਜਾਣ ਵਾਲੇ ਵਾਅਦਿਆਂ ਦੇ ਐਲਾਨਾਂ ਸਬੰਧੀ ਦਿੱਤੇ ਹੋਛੇ ਬਿਆਨਾਂ ਦਾ ਖਮਿਆਜ਼ਾ ਲੋਕਾਂ ’ਚ ਰਹਿਣ ਵਾਲੇ ਪਾਰਟੀ ਕਾਰਕੁਨਾਂ ਨੂੰ ਹੀ ਭੁਗਤਣਾ ਪੈਂਦਾ ਹੈ।

ਖ਼ੈਰ! ਅਗਲੀ ਪਾਰਟੀ ਦੇ ਉਮੀਦਵਾਰ ਟੱਲੀ ਰਾਮ ਨੂੰ ਸੁਣਨ ਲਈ ਵੀ ਲੋਕਾਂ ਦਾ ਇਕੱਠ ਹੋ ਗਿਆ ਸੀ ਅਤੇ ਟੱਲੀ ਰਾਮ ਅਗਲੇ ਹੀ ਪਲ ਸੰਬੋਧਨ ਕਰ ਰਿਹਾ ਸੀ, ‘‘ਮੇਰੇ ਗਰੀਬ ਤੇ ਜਮ੍ਹਾਂ ਈ ਗਏ ਗੁਜ਼ਰੇ ਸਾਥੀਓ, ਮੈਂ ਥੋਤੋਂ ਪੁੱਛਦਾਂ, ਬਈ ਤੁਸੀਂ ਕਦੋਂ ਤੱਕ ਇਨ੍ਹਾਂ ਸਰਮਾਏਦਾਰਾਂ ਦੀਆਂ ਜੁੱਤੀਆਂ ਖਾਂਦੇ ਰਹੋਗੇ?’’ ਆਵਾਜ਼ ਫਿਰ ਆਈ, ‘‘ਜਿੰਨਾ ਚਿਰ ਕੋਈ ਜੁੱਤੀ ਮੇਚ ਨੀ ਆਉਂਦੀ।’’ ਟੱਲੀ ਰਾਮ ਅੱਗੇ ਬੋਲਿਆ, ‘‘ਓਨਾ ਚਿਰ ਥੋਡਾ ਕੱਖ ਨੀ ਬਣਨਾ ਜਿਨ੍ਹਾਂ ਚਿਰ ਤੁਸੀਂ ’ਕੱਠੇ ਨੀ ਹੁੰਦੇ। ਤੁਸੀਂ ਕੱਲ੍ਹੇ-ਕੱਲ੍ਹੇ ਰੋਈ ਜਾਨੇ ਓਂ ਮਿਲ ਕੇ ਰੋਵੋ। ਮ-ਮ-ਮ-ਮੇਰਾ ਮਤਲਬ ਮਿਲ ਕੇ ਸੰਘਰਸ਼ ਕਰੋ।’’ ਆਵਾਜ਼ ਨੇ ਜਵਾਬ ਦਿੱਤਾ, ‘‘ਹੁਣ ਤਾਂ ਇਕ ਟੱਬਰ ਦੇ ਜੀਅ ’ਕੱਠੇ ਨੀ ਰਹਿੰਦੇ ਟੱਲੀ ਰਾਮਾ।’’ ਟੱਲੀ ਰਾਮ ਧੁਰ ਅੰਦਰੋਂ ਦੁਖੀ ਹੋ ਕੇ ਉੱਚੀ ਆਵਾਜ਼ ਵਿਚ ਬੋਲਿਆ, ‘‘ਇਹ ਆਪਣੇ ਫੈਦੇ ਲਈ ਗਰੀਬ ਨੂੰ ਗਰੀਬ ਨਾਲ ਲੜਾ ਕੇ ਕਚਹਿਰੀ ਤੋਰੀ ਰੱਖਦੇ ਨੇ। ਪੁਲੀਸ ਵੀ ਇਨ੍ਹਾਂ ਨਾਲ ਮਿਲੀ ਹੋਈ ਐ। ਕੋਈ ਕਿਸੇ ਦੀ ਨੀ ਸੁਣਦਾ।’’ ‘‘ਸੁਣਦਾ ਤਾਂ ਤੇਰੀ ਵੀ ਕੋਈ ਨੀ ਇੱਥੇ, ਐਵੇਂ ਯਭਲੀਆਂ ਮਾਰੀ ਜਾਨੈਂ।’’ ਇਸ ਆਵਾਜ਼ ਨੇ ਟੱਲੀ ਰਾਮ ਨੂੰ ਧੁੜਤੜੀ ਜਿਹੀ ਲਿਆ ਦਿੱਤੀ, ਪਰ ਉਸ ਨੇ ਬੋਲਣਾ ਜਾਰੀ ਰੱਖਿਆ, ‘‘ਇਹ ਸਰਮਾਏਦਾਰਾਂ ਦੀ ਸਰਕਾਰ ਹੈ ਤੇ ਗ਼ਰੀਬਾਂ ਦਾ ਖ਼ੂਨ ਚੂਸ ਰਹੀ ਹੈ। ਮਹਿੰਗਾਈ ਨੇ ਤਾਂ ਗ਼ਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਜੇਕਰ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਉਗੇ ਤਾਂ ਅਸੀਂ ਆਲੂ-ਅੂਲੂ, ਗੰਢੇ-ਗੂੰਢੇ ਸਸਤੇ ਭਾਅ ਕਰ ਦਿਆਂਗੇ।’’ ਇਕ ਜ਼ੋਰਦਾਰ ਆਵਾਜ਼ ਫਿਰ ਗੂੰਜੀ, ‘‘ਲੀਡਰ ਸਾਬ੍ਹ ਸਾਡੇ ਡੋਡੇ-ਡੂਡੇ ਵੀ ਸਸਤੇ ਕਰਵਾ ਦਿਉ।’’ ਟੱਲੀ ਰਾਮ ਇਕਦਮ ਖ਼ੁਸ਼ ਜਿਹਾ ਹੋ ਕੇ ਬੋਲਿਆ, ‘‘ਹਾਂ ਹਾਂ, ਇਹ ਗੱਲ ਵੀ ਕਾਬਲੇ-ਗ਼ੌਰ ਐ। ਜਦੋਂ ਲੋਕ ਚਾਹੁੰਦੇ ਨੇ ਇਹ ਤਾਂ ਫੇਰ ਇਨ੍ਹਾਂ ’ਤੇ ਪਾਬੰਦੀ ਕਾਹਦੀ? ਆਖ਼ਰ ਅਮਲੀ ਵੀ ਸਾਡੇ ਦੇਸ਼ ਦਾ ਹਿੱਸਾ ਹਨ। ਮੈਂ ਵਾਅਦਾ ਕਰਦਾਂ ਜੇ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਉਗੇ ਤਾਂ ਮੈਂ ਸ਼ਰਾਬ, ਡੋਡੇ, ਅਫੀਮ ਦੇ ਠੇਕੇ ਘਰ-ਘਰ ਖੁੱਲ੍ਹਵਾ ਦਿਆਂਗਾ ਤਾਂ ਜੋ ਬੀਬੀਆਂ ਆਪਣੇ ਹੱਥੀਂ ਬੰਦਿਆਂ ਨੂੰ ਨਸ਼ਾ ਦੇਣ ਤੇ ਚੁਟਕੀ ਆਪ ਵੀ ਛਕਣ।’’ ਇਕ ਹੋਰ ਆਵਾਜ਼ ਨੇ ਟੱਲੀ ਰਾਮ ਦੇ ਲੂੰ ਕੰਡੇੇ ਖੜ੍ਹੇ ਕਰ ਦਿੱਤੇ, ‘‘ਆਹੋ ਨਾ ਸਾਨੂੰ ਨਸ਼ੇ ਕਰਨ ਤੋਂ ਵਿਹਲ ਮਿਲੇ ਤੇ ਨਾ ਕੋਈ ਥੋਨੂੰ ਥੋਢੀਆਂ ਕਰਤੂਤਾਂ ਬਾਰੇ ਕੋਈ ਸਵਾਲ ਕਰ ਸਕੇ।’’ ‘‘ਮੇਰਾ ਚੋਣ ਨਿਸ਼ਾਨ ਹੈ ਰੰਬਾ ਪੱਲੀ।’’ ਘਬਰਾਏ ਹੋਏ ਟੱਲੀ ਰਾਮ ਨੇ ਫਟਾਫਟ ਆਪਣਾ ਚੋਣ ਨਿਸ਼ਾਨ ਦੱਸ ਕੇ ਬੋਲਣਾ ਬੰਦ ਕਰ ਦਿੱਤਾ। ਦਰਅਸਲ, ਉਹਨੂੰ ਪਹਿਲਾਂ ਹੀ ਕਿਸੇ ਨੇ ਡਰਾ ਦਿੱਤਾ ਸੀ ਕਿ ਇਸ ਪਿੰਡ ਦੇ ਲੋਕ ਬੜੇ ਕੱਬੇ ਹਨ। ਕਦੋਂ ਕਿਸੇ ਦਾ ਲੱਤ ਮਾਰ ਕੇ ਕੁੱਬ ਕੱਢ ਦੇਣ, ਪਤਾ ਨੀ ਲੱਗਦਾ। ਫੇਰ ਇਹੀ ਕਹਿਣਾ ਪੈਂਦਾ ‘ਕੁੱਬੇ ਦੇ ਲੱਤ ਵੱਜੀ ਰਾਸ ਆਗੀ’। ਟੱਲੀ ਰਾਮ ਗੱਡੀ ਵੱਲ ਨੂੰ ਜਾਂਦਾ ਰਸਤੇ ਵਿਚ ਮਿਲਦੇ ਲੋਕਾਂ ਨੂੰ ਕਿਸੇ ਫਿਲਮੀ ਕਲਾਕਾਰ ਵਾਂਗ ਹੱਥ ਮਿਲਾਉਂਦਾ ਜਾ ਰਿਹਾ ਸੀ ਤੇ ਜਿਉਂ ਹੀ ਉਸ ਨੇ ਇਕ ਅਧਖੜ੍ਹ ਜਿਹੇ ਬੰਦੇ ਨਾਲ ਹੱਥ ਮਿਲਾਇਆ ਤਾਂ ਉਸ ਨੇ ਟੱਲੀ ਰਾਮ ਦਾ ਹੱਥ ਘੁੱਟ ਕੇ ਫੜ ਲਿਆ ਤੇ ਪੁੱਛਿਆ, ‘ਕੀ ਚੋਣ ਨਿਸ਼ਾਨ ਐ ਤੇਰਾ… ਟੱਲੀ?’’ ‘‘ਨਹੀਂ ਨਹੀਂ ਜੀ, ਰੰਬਾ ਪੱਲੀ।’’ ਟੱਲੀ ਰਾਮ ਨੇ ਫਟਾਫਟ ਕਹਿ ਕੇ ਹੱਥ ਛੁਡਵਾਉਣ ਦੀ ਕੋਸ਼ਿਸ਼ ਕੀਤੀ। ‘‘ਫੇਰ ਤੂੰ ਵੀ ਸਾਨੂੰ ਕੀ ਲਈ ਬੈਠਾਂ, ਜਾਹ ਜਾ ਕੇ ਨਿੱਕਾ-ਨਿੱਕਾ ਘਾਹ ਖੋਤ ਤੇ ਵਜਾ ਟੱਲੀ।’’ ਇਹ ਕਹਿ ਕੇ ਉਸ ਨੇ ਟੱਲੀ ਰਾਮ ਦਾ ਹੱਥ ਜ਼ੋਰ ਦੀ ਝਟਕਾ ਕੇ ਮਾਰਿਆ ਤੇ ਟੱਲੀ ਰਾਮ ਨੂੰ ਲੱਗਿਆ ਜਿਵੇਂ ਕਰੰਟ ਲੱਗਿਆ ਹੋਵੇ। ਟੱਲੀ ਰਾਮ ਤਾਂ ਔਹ ਗਿਆ ਔਹ ਗਿਆ ਹੋ ਗਈ। ਸੁੱਖ ਨਾਲ ਸਾਡੇ ਪਿੰਡ ਲੋਕ ਸਿਆਣੇ ਨੇ ਜੋ ਹੱਥੋਪਾਈ ਤੱਕ ਨਹੀਂ ਜਾਂਦੇ, ਬੱਸ ਮੂੰਹ ਦਾ ਜ਼ਾਇਕਾ ਜ਼ਰੂਰ ਲੈ ਲੈਂਦੇ ਨੇ।

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬੜਾ ਹੀ ਦਿਲਚਸਪ ਉਮੀਦਵਾਰ ਸਾਡੇ ਪਿੰਡ ਪ੍ਰਚਾਰ ਲਈ ਆ ਰਿਹਾ ਸੀ। ਇਹ ਆਜ਼ਾਦ ਚੋਣ ਲੜ ਰਿਹਾ ਸੀ ਤੇ ਅਜੇ ਤੱਕ ਮੇਰੇ ਵਾਂਗ, ਬਹੁਤੇ ਲੋਕਾਂ ਨੂੰ ਉਸ ਦਾ ਨਾਂ ਵੀ ਪਤਾ ਨਹੀਂ ਸੀ। ਜਿਉਂ ਹੀ ਉਹ ਸਟੇਜ ’ਤੇ ਝੂਮਦਾ ਆਇਆ ਤੇ ਸਟੇਜ ਸੈਕਟਰੀ ਨੇ ਉਸ ਦੇ ਨਾਂ ਦਾ ਖੁਲਾਸਾ ਕਰਦਿਆਂ ਕਿਹਾ, ‘‘ਹੁਣ ਤੁਹਾਨੂੰ ਅਜ਼ਾਦ ਪਾਰਟੀ ਦੇ ਉਮੀਦਵਾਰ ਮਿਸਟਰ ਨਿਊਟਲ ਜੀ ਸੰਬੋਧਨ ਕਰਨਗੇ,’’ ਤਾਂ ਲੋਕਾਂ ਨੇ ਹਾਸੜ ਚੁੱਕ ਦਿੱਤੀ। ਦਰਅਸਲ, ਉਹ ਗੋਲ ਮਟੋਲ ਜਿਹਾ ਸਿਰ ਤੋੋਂ ਗੰਜਾ ਤੇ ਉਪਰੋਂ ਉਸ ਦਾ ਨਾਂ ਵੀ ਹਾਸੋਹੀਣਾ ਸੀ। ਮਾਈਕ ਫੜ ਕੇ ਉਸ ਨੇ ਬੋਲਣਾ ਸ਼ੁਰੂ ਕੀਤਾ, ‘‘ਮੇਰੇ ਪਿਆਰੇ ਵੋਟਰੋ, ਟਾਟਾ। ਮੈਂ ਵੀ ਥੋਡੇ ਹਲਕੇ ਤੋਂ ਅਜ਼ਾਦ ਚੋਣ ਲੜ੍ਹ ਰਿਹਾਂ।’’ ਲੀਡਰਾਂ ਦੇ ਭਾਸ਼ਣ ਦਾ ਪੁਣਛਾਣ ਕਰਦੀ ਆਵਾਜ਼ ਫਿਰ ਆਈ, ‘‘ਮਤਲਬ ਤੂੰ ਵੀ ਹਲ਼ਕ ਗਿਆ।’’ ‘‘ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨੀ।’’ ‘‘ਹਾਂ ਹਾਂ, ਨਿਊਟਲ ਨੇ ਤਾਂ ਨਿਊਟਲ ਈ ਚਲਣਾ ਹੁੰਦਾ, ਗੇਅਰ ਦੀ ਕੀ ਲੋੜ ਆ।’’ ਨਿਊਟਲ ਨੇ ਝੂਲਦੇ ਹੋਏ ਕਿਹਾ, ‘‘ਮੈਂ ਮੌਜੂਦਾ ਸਰਕਾਰ ’ਚ ਸਾਰੀ ਉਮਰ ਸੇਵਾ ਕੀਤੀ, ਪਰ ਪਾਰਟੀ ਨੇ ਮੇਰੀ ਕਦਰ ਨਾ ਪਾਈ।’’ ਆਵਾਜ਼ ਫਿਰ ਆਈ, ‘‘ਜਿੱਤਣ ਤੋਂ ਬਾਅਦ ਕਦਰ ਤਾਂ ਤੁਸੀਂ ਵੀ ਨੀ ਪਾਉਂਦੇ ਵੋਟਰਾਂ ਦੀ।’’ ਨਿਊਟਲ ਨੇ ਕਿਹਾ, ‘‘ਮੈਂ ਹੁਣ ਇਨ੍ਹਾਂ ਤੋਂ ਟਿਕਟ ਮੰਗੀ, ਪਰ ਇਨ੍ਹਾਂ ਦਿਖਾਈ ਤੰਗੀ। ਤੇ ਫਿਰ ਆਪਾਂ ਵੀ ਕਰਤੀ ਇਨ੍ਹਾਂ ਦੀ ਕੰਘੀ। ਮੈਂ ਹੋ ਗਿਆ ਬਾਗੀ, ਤੇ ਬਾਗੀ ਹੋ ਕੇ ਹੋ ਗਿਆ ਬਾਗੋਬਾਗ।’’ ‘‘ਪਤੈ, ਤਾਹੀਉਂ ਨਿਊਟਲ ਹੋਇਆ ਫਿਰਦੈਂ।’’ ‘‘ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਓ, ਫੇਰ ਦੇਖਿਓ ਮੇਰਾ ਕਮਾਲ! ਮੇਰਾ ਚੋਣ ਨਿਸ਼ਾਨ ਹੈ, ਮੇਰਾ ਚੋਣ ਨਿਸ਼ਾਨ ਹੈ, ਗਧਾ।’’ ‘‘ਤੂੰ ਵੀ ਰਿਹਾ ਗਧੇ ਦਾ ਗਧਾ।’’ ਹੱਸਦੇ ਲੋਕਾਂ ਦੀ ਆਵਾਜ਼ ਆਈ। ‘‘ਜੀ ਹਾਂ ਗਧਾ, ਇਸ ’ਤੇ ਜਿੰਨਾ ਮਰਜ਼ੀ ਭਾਰ ਪਾ ਦਿਉ। ਇਹ ਕਦੇ ਕੰਮ ਤੋਂ ਨਾਂਹ ਨੁੱਕਰ ਨੀ ਕਰੇਗਾ। ਮੈਂ ਇਸ ਨੂੰ ਵਿਧਾਨ ਸਭਾ ’ਚ ਲਿਜਾ ਕੇ ਖੜ੍ਹਾ ਕਰਾਂਗਾ। ਦੇਖਿਓ, ਕਿਵੇਂ ਦੁਲੱਤੀਆਂ ਮਾਰ-ਮਾਰ ਕੇ ਵਿਰੋਧੀਆਂ ਨੂੰ ਬਾਹਰ ਕੱਢਦੈ।’’ ਆਵਾਜ਼ ਫਿਰ ਆਈ, ‘‘ਹਾਂ ਹਾਂ ਦੇਖਦੇ ਹੁੰਨੇ ਆਂ ਲੋਕਾਂ ਦੇ ਚੁਣੇ ਸੂਝਵਾਨ, ਦੇਸ਼ ਦੇ ਕਰਤਾ-ਧਰਤਾ, ਉੱਥੇ ਕਿਵੇਂ ਹਵਾ ’ਚ ਕੁਰਸੀਆਂ ਚਲਾਉਂਦੇ ਹੁੰਦੇ ਨੇ।’’ ਨਿਊਟਲ ਲਗਤਾਰ ਬੋਲੀ ਜਾ ਰਿਹਾ ਸੀ, ‘‘ਮੈਂ ਵੀ ਅਜ਼ਾਦ ਮੇਰਾ ਗਧਾ ਵੀ ਅਜ਼ਾਦ।’’ ‘‘ਫੇੇਰ ਤਾਂ ਕਰੋਗੇ ਛੇਤੀ ਈ ਕੋਈ ਖੜ੍ਹਾ ਫਸਾਦ’’ ਆਵਾਜ਼ ਫਿਰ ਸੁਣਾਈ ਦਿੱਤੀ। ‘‘ਮੈਂ ਤੇ ਮੇਰਾ ਗਧਾ 24 ਘੰਟੇ ਤੁਹਾਡੀ ਸੇਵਾ ’ਚ ਹਾਜ਼ਰ ਰਹਾਂਗੇ। ਇਹ ਥੋਡੀ ਗਲ਼ੀ ਦੇ ਨਿਆਣਿਆਂ ਨੂੰ ਹੂਟੇ ਦੇਵੇਗਾ, ਭੁੱਲਣਾ ਨੀ ਮੇਰਾ ਚੋਣ ਨਿਸ਼ਾਨ ਗਧਾ।’’ ‘‘ਉਏ ਜਾ ਉਏ ਗਧਿਆ, ਚੋਣ ਨਿਸ਼ਾਨ ਤਾਂ ਚੱਜ ਦਾ ਲੈ ਲੈਂਦਾ।’’ ਗਧੇ ਗਧੇ ਦੀਆਂ ਆਵਾਜ਼ਾਂ ਵਿਚ ਮਿਸਟਰ ਨਿਊਟਲ ਕਦੋਂ ਪੱਤਰਾ ਵਾਚ ਗਿਆ ਪਤਾ ਵੀ ਨਾ ਲੱਗਾ।

ਸੱਥ ਵਿਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਲੋਕਾਂ ਨੂੰ ਰਿਆਇਤਾਂ ਦੇਣ ਦੇ ਚੋਣ ਵਾਅਦਿਆਂ ਦੀ ਚਰਚਾ ਸ਼ੁਰੂ ਹੋ ਗਈ ਸੀ। ਇਸ ਵਾਰ ਵੀ ਲੱਗਦਾ ਸੀ ਕਿ ਲੀਡਰ ਝੂਠੇ ਵਾਅਦਿਆਂ ਦੀ ਝੜੀ ਵਿਚ ਭਿਉਣ ਤੋਂ ਸਿਵਾਏ ਕੁਝ ਨਹੀਂ ਕਰ ਸਕਣਗੇ।