ਭਵਾਨੀਗੜ੍ਹ, 30 ਜਨਵਰੀ
ਬਲਾਕ ਦੇ ਪਿੰਡਾਂ ਵਿੱਚ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਕੋਟੇ ਵਿੱਚੋਂ ਵਿਕਾਸ ਕਾਰਜਾਂ ਤਹਿਤ ਸਕੂਲਾਂ ਲਈ ਆਰ ਓ, ਸਬਮਰਸੀਬਲ ਅਤੇ ਸੋਲਰ ਲਾਈਟਾਂ ਲਈ ਗਰਾਂਟਾਂ ਵੰਡੀਆਂ। ਵੱਖ-ਵੱਖ ਪਿੰਡਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਹਲਕੇ ਦੇ 600 ਪਿੰਡਾਂ ਵਿੱਚ ਮੀਟਿੰਗਾਂ ਕਰ ਕੇ 17 ਕਰੋੜ ਰੁਪਏ ਤੋਂ ਵੱਧ ਗਰਾਂਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਲੋਕ ਸਭਾ ਵਿੱਚ ਹਲਕੇ ਦੇ ਲੋਕਾਂ ਦੇ ਮਸਲੇ ਉਠਾਉਣ ਵਾਲੇ ਦੇਸ਼ ਦੇ ਪਹਿਲੇ ਪੰਜ ਸੰਸਦ ਮੈਂਬਰਾਂ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਮੰਨਣ ਅਤੇ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਰਜਿਸਟ੍ਰੇਸ਼ਨ ਖ਼ਤਮ ਕਰਨ ਦੀ ਮੰਗ ਸੰਸਦ ਵਿੱਚ ਉਠਾਉਣਗੇ।
ਭਗਵੰਤ ਮਾਨ ਨੇ ਪਿੰਡ ਕਪਿਆਲ ਵਿੱਚ ਨਵੇਂ ਬੱਸ ਸਟੈਂਡ ਦੀ ਉਸਾਰੀ ਲਈ ਤਿੰਨ ਲੱਖ, ਛੇ ਸੋਲਰ ਲਾਈਟਾਂ, ਝਨੇੜੀ ਅਰਸੀਸੀ ਬੈਂਚ ਅਤੇ ਸਕੂਲ ਲਈ ਫਰਨੀਚਰ, ਬਟਰਿਆਣਾ ਸਕੂਲ ਨੂੰ ਆਰ ਓ ਵਾਟਰ ਕੂਲਰ, ਰਾਮਪੁਰਾ ਦੇ ਪ੍ਰਾਇਮਰੀ ਸਕੂਲ ਨੂੰ ਆਰ ਓ ਵਾਟਰ ਕੂਲਰ, ਭੱਟੀਵਾਲ ਕਲਾਂ ਵਿੱਚ ਵਾਲਮੀਕਿ ਧਰਮਸ਼ਾਲਾ ਅਤੇ ਰਵਿਦਾਸ ਧਰਮਸ਼ਾਲਾ ਨੂੰ 50-50 ਹਜ਼ਾਰ ਰੁਪਏ, ਸਕੂਲ ਲਈ ਆਰ ਓ ਵਾਟਰ ਕੂਲਰ, ਥੰਮਨ ਸਿੰਘ ਵਾਲਾ ਦੀ ਸਾਂਝੀ ਸੱਥ ਲਈ ਗ੍ਰਾਂਟ, 14 ਸੋਲਰ ਲਾਈਟਾਂ, ਬਾਲਦ ਖੁਰਦ ਵਿੱਚ ਕਬਰਿਸਤਾਨ ਦੀ ਚਾਰਦੀਵਾਰੀ ਲਈ ਗ੍ਰਾਂਟ, ਸਬਮਰਸੀਬਲ ਮੋਟਰ ਅਤੇ 10 ਸੋਲਰ ਲਾਈਟਾਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਦਿਨੇਸ਼ ਬਾਂਸਲ, ਹਰਪ੍ਰੀਤ ਸਿੰਘ ਬਾਜਵਾ, ਨਰਿੰਦਰ ਕੌਰ ਭਰਾਜ, ਪ੍ਰਦੀਪ ਸਿੰਘ, ਅਮਰਿੰਦਰ ਸਿੰਘ ਸੇਖੋਂ, ਜਸਵੀਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ ਅਤੇ ਮਨਿੰਦਰ ਸਿੰਘ ਹਾਜ਼ਰ ਸਨ।