ਬਠਿੰਡਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਖਹਿਰੇ ਧੜੇ ਵੱਲੋਂ ਬਣਾਈ ਪੀਏਸੀ ਨੂੰ ਮੂਲੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਏਸੀ ਦੇ ਐਲਾਨ ਨੇ ਸੁਖਪਾਲ ਖਹਿਰਾ ਦੀ ‘ਕਹਿਣੀ ਤੇ ਕਰਨੀ’ ਦੇ ਫ਼ਰਕ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਉਂਜ ਉਨ੍ਹਾਂ ਖਹਿਰਾ ਨੂੰ 13 ਅਗਸਤ ਨੂੰ ਜਲੰਧਰ ਵਿੱਚ ਹੋਣ ਵਾਲੀ ਮੀਟਿੰਗ ’ਚ ਸ਼ਿਰਕਤ ਕਰਨ ਲਈ ਕਿਹਾ ਹੈ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਚੀਮਾ ਨੇ ਕਿਹਾ ਕਿ ਪੀਏਸੀ ਦੇ ਗਠਨ ਸਮੇਂ ਹੁਣ ਖਹਿਰਾ ਨੂੰ ਵਾਲੰਟੀਅਰ ਕਿਉਂ ਨਹੀਂ ਯਾਦ ਆਏ। ‘ਆਪ’ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਕਰਨ ਵਾਲੇ ਖਹਿਰਾ ਨੇ ਹੁਣ ਕਮੇਟੀ ਦਾ ਐਲਾਨ ਕਰਨ ਲਈ ਕਿਸੇ ਨੂੰ ਪੁੱਛਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਇਹ ਕਿੱਥੋਂ ਦੀ ਜਮਹੂਰੀਅਤ ਹੈ ਕਿ ਦੋ ਵਿਧਾਇਕਾਂ ਨੇ ਹੀ ਪੀਏਸੀ ਐਲਾਨ ਦਿੱਤੀ ਅਤੇ ਅੱਠ ਵਿਧਾਇਕ ਇਸ ਦੇ ਮੈਂਬਰ ਬਣ ਗਏ। ਉਨ੍ਹਾਂ ਕਿਹਾ ਕਿ ਖਹਿਰੇ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਪੰਜਾਬ ਯੂਨਿਟ ਟੁੱਟਣ ਦੀ ਕਿਸੇ ਵੀ ਤਰ੍ਹਾਂ ਦੀ ਨੌਬਤ ਨਹੀਂ ਆਵੇਗੀ। ਪਾਰਟੀ ਅੱਜ ਵੀ ਇਕੱਠੀ ਹੈ ਅਤੇ ਬਾਗ਼ੀ ਧੜੇ ਨਾਲ ਗਏ ਵਿਧਾਇਕ ਹਰ ਹਾਲਤ ਵਿੱਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਮਨੀਸ਼ ਸਿਸੋਦੀਆ ਜਲੰਧਰ ਆ ਰਹੇ ਹਨ ਅਤੇ ਉਹ ਸੁਖਪਾਲ ਖਹਿਰਾ ਸਮੇਤ ਸਭਨਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ। ਉਨ੍ਹਾਂ ਦੁਹਰਾਇਆ ਕਿ ਸੁਖਪਾਲ ਖਹਿਰਾ ਨੂੰ ਬਿਕਰਮ ਮਜੀਠੀਆ ਨਾਲ ਹੋਈ ਮੀਟਿੰਗ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ। ਚੀਮਾ ਨੇ ਆਖਿਆ ਉਹ ਪੰਜਾਬ ਦੇ ਹਰ ਵਿਅਕਤੀ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਗੇ ਅਤੇ ਪੰਜਾਬ ਦੇ ਭਖ਼ਦੇ ਲੋਕ ਮਸਲਿਆਂ ਨੂੰ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਰੱਖਣਗੇ।