ਪੇਈਚਿੰਗ, 29 ਸਤੰਬਰ
ਚੀਨ ਦੇ ਰੱਖਿਆ ਮੰਤਰੀ ਪਿਛਲੇ ਇੱਕ ਮਹੀਨੇ ਤੋਂ ਗਾਇਬ ਹਨ ਅਤੇ ਰੱਖਿਆ ਮੰਤਰਾਲੇ ਨੇ ਹੁਣ ਜਾ ਕੇ ਇਸ ਮਾਮਲੇ ’ਚ ਜਨਤਕ ਤੌਰ ’ਤੇ ਟਿੱਪਣੀ ਕੀਤੀ ਹੈ। ਇਸ ਟਿੱਪਣੀ ’ਚ ਵੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸਥਿਤੀ ਦੀ ਜਾਣਕਾਰੀ ਨਹੀਂ ਹੈ। ਸੀਨੀਅਰ ਕਰਨਲ ਤੇ ਮੰਤਰਾਲੇ ਦੇ ਸੂਚਨਾ ਦਫ਼ਤਰ ਦੇ ਡਾਇਰੈਕਟਰ ਵੂ ਕਿਆਨ ਨੂੰ ਮਹੀਨਾਵਾਰ ਪੱਤਰਕਾਰ ਸੰਮੇਲਨ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਕੀ ਲੀ ਸ਼ਾਂਗਫੂ ਖ਼ਿਲਾਫ਼ ਅਜੇ ਵੀ ਜਾਂਚ ਜਾਰੀ ਹੈ ਅਤੇ ਕੀ ਉਹ ਅਜੇ ਵੀ ਰੱਖਿਆ ਮੰਤਰੀ ਹਨ, ਤਾਂ ਉਨ੍ਹਾਂ ਸਿਰਫ਼ ਇੱਕ ਫਿਕਰੇ ’ਚ ਜਵਾਬ ਦਿੱਤਾ। ਵੂ ਨੇ ਇੱਕ ਵਿਦੇਸ਼ੀ ਮੀਡੀਆ ਸੰਸਥਾ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਤੁਸੀਂ ਜਿਸ ਸਥਿਤੀ ਦਾ ਜ਼ਿਕਰ ਕੀਤਾ ਹੈ, ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ।’