ਚੀਨ ‘ਚ ਫੈਲੇ ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦੇ ਭਾਰਤ ‘ਚ ਹੁਣ ਤੱਕ 3 ਮਾਮਲੇ ਸਾਹਮਣੇ ਆ ਚੁੱਕੇ ਹਨ। ਸੋਮਵਾਰ ਨੂੰ 3 ਮਹੀਨੇ ਦੀ ਬੱਚੀ ‘ਚ ਹਿਊਮਨ ਮੇਟਾਪਨੀਓਮੋਵਾਇਰਸ (HMPV) ਨਾਂ ਦਾ ਇਨਫ਼ੈਕਸ਼ਨ ਪਾਇਆ ਗਿਆ। ਇਸ ਤੋਂ ਪਹਿਲਾਂ 8 ਮਹੀਨੇ ਦੇ ਬੱਚੇ ਵਿੱਚ ਵੀ ਅਜਿਹਾ ਹੀ ਵਾਇਰਸ ਪਾਇਆ ਗਿਆ ਸੀ। ਦੋਵੇਂ ਬੱਚੇ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹਨ। ਇਕ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਬੱਚੇ ਵਿਚ ਜ਼ੁਕਾਮ ਅਤੇ ਬੁਖ਼ਾਰ ਦੇ ਲੱਛਣ ਹਨ। ਪ੍ਰਾਈਵੇਟ ਹਸਪਤਾਲ ਦੀ ਲੈਬ ਅਨੁਸਾਰ ਬੱਚੇ ਦੀ ਐਚਐਮਵੀਪੀ ਰਿਪੋਰਟ ਪਾਜ਼ੇਟਿਵ ਆਈ ਹੈ। ਬੱਚਾ ਮੋਡਾਸਾ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ।

ਗੁਜਰਾਤ ਸਰਕਾਰ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਚੀਨ ਵਿਚ ਫੈਲੇ ਐਚਐਮਪੀਵੀ ਵਾਇਰਸ ਨੂੰ ਲੈ ਕੇ ਇਕ ਸਿਹਤ ਸਲਾਹ ਜਾਰੀ ਕੀਤੀ ਹੈ। ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਖੰਘ ਜਾਂ ਛਿੱਕ ਆਉਣ ’ਤੇ ਅਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕਣ ਦੀ ਸਲਾਹ ਦਿਤੀ ਹੈ। ਗੁਜਰਾਤ ਸਿਹਤ ਵਿਭਾਗ ਮੁਤਾਬਕ ਜੇਕਰ ਤੁਸੀਂ ਬਿਮਾਰ ਹੋ ਤਾਂ ਜਨਤਕ ਥਾਵਾਂ ’ਤੇ ਜਾਣ ਤੋਂ ਬਚੋ।

ਸਾਹ ਦੀ ਸਮੱਸਿਆ ਹੋਣ ’ਤੇ ਤੁਰੰਤ ਡਾਕਟਰਾਂ ਨਾਲ ਸੰਪਰਕ ਕਰੋ। ਗੁਜਰਾਤ ਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਸਰਦੀਆਂ ਦੇ ਮੌਸਮ ਵਿਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਐਚਐਮਪੀਵੀ ਵਰਗੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ ਤੁਰਤ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।