ਨਵੀਂ ਦਿੱਲੀ, ਸ਼ਟਰਲ ਸਾਇਲਾ ਨੇਹਵਾਲ, ਪੀ ਵੀ ਸਿੰਧੂੁ ਅਤੇ ਕੇ. ਸ੍ਰੀਕਾਂਤ ਨੇ ਲਗਾਤਾਰ ਸਹਿਯੋਗ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤੀ ਖਿਡਾਰੀ ਜੇ ਖ਼ੁਦ ’ਤੇ ਭਰੋਸਾ ਰੱਖਣ ਤਾਂ ਉਹ ਚੀਨ, ਜਾਪਾਨ ਅਤੇ ਕੋਰੀਆ ਵਰਗਾ ਦਬਦਬਾ ਬਣਾ ਸਕਦੇ ਹਨ। ਇਨ੍ਹਾਂ ਤਿੰਨਾਂ ਨੇ ਇੱਥੇ ਖੇਡ ਮੰਤਰੀ ਵਿਜੈ ਗੋਇਲ ਵੱਲੋਂ ਆਪਣੀ ਰਿਹਾਇਸ਼ ’ਤੇ ਕਰਵਾਏ ਸਨਮਾਨ ਸਮਾਗਮ ਵਿੱਚ ਇਹ ਗੱਲ ਆਖੀ।
ਸਿੰਧੂੁ ਨੇ ਹਾਲ ਹੀ ਵਿੱਚ ਗਲਾਸਗੋ ਵਿੱਚ ਖ਼ਤਮ ਹੋਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਜਦਕਿ ਸਾਇਨਾ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ, ਜਿਸ ਨਾਲ ਭਾਰਤ ਨੇ ਦੋ ਤਗ਼ਮੇ ਆਪਣੀ ਝੋਲੀ ਪਵਾਏ।
ਸਾਇਨਾ ਨੇ ਕਿਹਾ, ‘ਅਸੀਂ ਸਰਕਾਰ ਅਤੇ ਖੇਡ ਮੰਤਰੀ ਦਾ ਉਨ੍ਹਾਂ ਵੱਲੋਂ ਲਗਾਤਾਰ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਸਰਕਾਰ ਦੇ ਸਹਿਯੋਗ ਸਦਕਾ ਹੀ ਭਾਰਤ ਵਿੱਚ ਖੇਡਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਵੱਧ ਰਿਹਾ ਹੈ।’ ਇਨ੍ਹਾਂ ਖਿਡਾਰੀਆਂ ਨੇ ਕਿਹਾ,‘ ਸਹੂਲਤਾਂ ਵਿੱਚ ਸੁਧਾਰ ਹੋ ਰਿਹਾ ਹੈ ਤੇ ਬੈਡਮਿੰਟਨ ਖਿਡਾਰੀਆਂ ਨੂੰ ਖ਼ੁਦ ’ਤੇ ਭਰੋਸਾ ਰੱਖਣ ਦੀ ਲੋੜ ਹੈ। ਜੇ ਅਜਿਹਾ ਹੁੰਦਾ ਹੈ ਤਾਂ ਅਸੀਂ ਮਜ਼ਬੂਤ ਹੋ ਸਕਦੇ ਹਾਂ ਤੇ ਚੀਨ, ਜਾਪਾਨ ਤੇ ਕੋਰੀਆ ਵਾਂਗ ਦਬਦਬਾ ਬਣਾ ਸਕਦੇ ਹਾਂ।’
ਸਿੰਧੂ ਨੇ ਕਿਹਾ, ‘ਭਾਰਤ ਵਿੱਚ ਬੈਡਮਿੰਟਨ ਪ੍ਰਤੀ ਲੋਕਾਂ ਦਾ ਉਤਸ਼ਾਹ ਵਧਿਆ ਹੈ ਤੇ ਕਈ ਉਭਰਦੇ ਹੋਏ ਸ਼ਾਨਦਾਰ ਖਿਡਾਰੀ ਸਾਹਮਣੇ ਆ ਰਹੇ ਹਨ। ਕੇ. ਸ੍ਰੀਕਾਂਤ ਕੁਆਰਟਰਫਾਈਨਲ ਵਿੱਚ ਹਾਰ ਗਿਆ ਸੀ, ਉਸ ਨੇ ਕਿਹਾ, ‘ਖਿਡਾਰੀਆਂ ਨੂੰ ਸਨਮਾਨ ਮਿਲਣਾ ਕਾਫੀ ਅਹਿਮ ਹੈ।’ ਇਸ ਮੌਕੇ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਅਤੇ ਸਾਇਨਾ ਦਾ ਨਿੱਜੀ ਕੋਚ ਵਿਮਲ ਕੁਮਾਰ ਵੀ ਮੌਜਦੂ ਸੀ। ਉਧਰ ਸਾਇਨਾ ਨੇ ਆਖਿਆ ਕਿ ਕਰੀਅਰ ਨੂੰ ਪ੍ਰਭਾਵਿਤ ਕਰਨ ਵਾਲੀ ਸੱਟ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਤਗ਼ਮਾ ਜਿੱਤਣਾ ਉਸ ਲਈ ਖਾਸ ਰਿਹਾ।