ਬਠਿੰਡਾ, ਪੰਜਾਬ ਦੇ ਖੇਤੀ ਵਿਭਾਗ ਨੇ ਐਤਕੀਂ ਚਿੱਟੀ ਮੱਖੀ ਦੇ ਹੱਲੇ ਦੇ ਡਰੋਂ ਨਰਮਾ ਪੱਟੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਵੀ ਚੌਕਸ ਕੀਤਾ ਗਿਆ ਹੈ। ਨਰਮਾ ਪੱਟੀ ਵਿੱਚ ਪੈ ਰਹੀ ਅੰਤਾਂ ਦੀ ਗਰਮੀ ‘ਚਿੱਟੀ ਮੱਖੀ’ ਲਈ ਵਰਦਾਨ ਜਾਪਦੀ ਹੈ। ਪਾਕਿਸਤਾਨ ਵਿੱਚ ਪਿਛਲੀ ਗਰਮੀ ਗੁਲਾਬੀ ਸੁੰਡੀ ਨੇ ਤਬਾਹੀ ਮਚਾਈ ਸੀ। ਤਾਹੀਓਂ ਇਸ ਵਾਰ ਗੁਲਾਬੀ ਸੁੰਡੀ ’ਤੇ ਨਜ਼ਰ ਰੱਖਣ ਲਈ ਹਦਾਇਤ ਕੀਤੀ ਗਈ ਹੈ। ਮਾਨਸਾ ਜ਼ਿਲ੍ਹੇ ਵਿੱਚ ਤਾਂ ਕਿਸਾਨਾਂ ਦਾ ਤਪਸ਼ ਕਾਰਨ ਨਰਮਾ ਮੱਚਣ ਦੀਆਂ ਵੀ ਰਿਪੋਰਟਾਂ ਹਨ।
ਇਹ ਮਸਲੇ ਅੱਜ ਇੱਥੇ ਅੰਤਰਰਾਜੀ ਸਲਾਹਕਾਰ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਵਿੱਚ ਉੱਠੇ। ਖੇਤੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਹਰਿਆਣਾ ਤੋਂ ਖੇਤੀ ਮਾਹਿਰ ਪੁੱਜੇ ਹੋਏ ਸਨ। ਖੇਤੀ ਮਾਹਿਰਾਂ ਨੇ ਨਰਮੇ ਦੀ ਫ਼ਸਲ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਅੰਤਰਰਾਜੀ ਮੀਟਿੰਗ ਵਿੱਚ ਹਿਹ ਗੱਲ ਉੱਭਰੀ ਕਿ ਐਤਕੀਂ ਨਰਮਾ ਪੱਟੀ ਵਿੱਚ 66 ਫ਼ੀਸਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਭਾਵ 15 ਮਈ ਤੱਕ ਹੋ ਗਈ ਸੀ ਜਦੋਂਕਿ 34 ਫ਼ੀਸਦੀ ਫ਼ਸਲ ਦੀ ਬਿਜਾਈ ਲੇਟ ਹੋਈ ਹੈ। ਪਿਛੇਤੀ ਫ਼ਸਲ ’ਤੇ ਚਿੱਟੀ ਮੱਖੀ ਦੇ ਹਮਲੇ ਦਾ ਵਧੇਰੇ ਡਰ ਬਣਦਾ ਹੈ। ਹਰਿਆਣਾ ਵਿੱਚ 61 ਫ਼ੀਸਦੀ ਅਤੇ ਰਾਜਸਥਾਨ ਵਿੱਚ 50 ਫ਼ੀਸਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਹੋਈ ਹੈ।    ਵਿਚਾਰ ਚਰਚਾ ਵਿੱਚ ਲੇਟ ਬਿਜਾਈ ਦਾ ਠੀਕਰਾ ਸਿੰਜਾਈ ਮਹਿਕਮੇ ਦੇ ਸਿਰ ਭੰਨਿਆ ਗਿਆ, ਜਿਸ ਵੱਲੋਂ 15 ਅਪਰੈਲ ਦੀ ਥਾਂ 30 ਅਪਰੈਲ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਗਈ।
ਸੰਯੁਕਤ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਟਿਊਬਵੈੱਲ ਕੁਨੈਕਸ਼ਨ ਵੱਡੀ ਗਿਣਤੀ ਵਿੱਚ ਮਿਲਣ ਕਰਕੇ ਲੋਕਾਂ ਦਾ ਰੁਝਾਨ ਬਾਸਮਤੀ ਵੱਲ ਵਧਿਆ ਹੈ। ਨਰਮੇ ਦਾ ਭਾਅ ਘੱਟ ਰਹਿਣ ਕਰਕੇ ਵੀ ਕਿਸਾਨ ਨਰਮੇ ਦੀ ਬਿਜਾਂਦ ਵਾਲੇ ਪਾਸਿਓਂ ਮੁੜੇ ਹਨ। ਪੰਜਾਬ ਵਿੱਚ ਐਤਕੀਂ ਹੁਣ ਤੱਕ 2.84 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ। ਨਰਮੇ ਹੇਠ ਰਕਬਾ ਘਟਿਆ ਹੈ ਅਤੇ ਉਪਰੋਂ ਵਧੇ ਤਾਪਮਾਨ ਨੇ ਖੇਤੀ ਅਫ਼ਸਰਾਂ ਦੇ ਫ਼ਿਕਰ ਵਧਾਏ ਹੋਏ ਸਨ। ਮੀਟਿੰਗ ’ਚ ਦੱਸਿਆ ਗਿਆ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ ’ਤੇ ਚਿੱਟੀ ਮੱਖੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਫ਼ੌਰੀ ਚੌਕਸ ਹੋਣ ਦੀ ਲੋੜ ਹੈ।
ਨਰਮਾ ਪੱਟੀ ਦੇ ਅੱਠ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੇ ਤਸੱਲੀ ਦਿੱਤੀ ਕਿ ਫ਼ਿਲਹਾਲ ਕਿਧਰੇ ਵੀ ਚਿੱਟੀ ਮੱਖੀ ਤੋਂ ਖ਼ਤਰਾ ਨਹੀਂ ਜਾਪ ਰਿਹਾ ਹੈ ਪ੍ਰੰਤੂ ਅਵੇਸਲੇ ਨਹੀਂ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਬੀਟੀ ਦੀ 95 ਫ਼ੀਸਦੀ ਬਿਜਾਂਦ ਹੈ, ਜਿਸ ਕਰਕੇ ਗੁਲਾਬੀ ਮੱਖੀ ਦਾ ਡਰ ਵੀ ਜ਼ਾਹਰ ਕੀਤਾ ਗਿਆ। ਪਾਕਿਸਤਾਨ ਵੱਲੋਂ ਗੁਲਾਬੀ ਮੱਖੀ ਦੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ। ਖੇਤੀ ਮਹਿਕਮੇ ਵੱਲੋਂ ਚਿੱਟੀ ਮੱਖੀ ਤੋਂ ਬਚਾਅ ਲਈ ਛੱਤਰੀ ਤਾਣਨ ਲਈ ਕਰੀਬ 12.30 ਕਰੋੜ ਰੁਪਏ ਦੇ ਫ਼ੰਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ 13 ਹਜ਼ਾਰ ਹੈਕਟੇਅਰ ਰਕਬੇ ਦੀ ਪ੍ਰਦਰਸ਼ਨੀ ਪਲਾਂਟਾਂ ਵਜੋਂ ਚੋਣ ਕੀਤੀ ਜਾਵੇਗੀ, ਜਿਸ ਦੇ ਮਾਲਕ ਕਿਸਾਨਾਂ ਨੂੰ ਪ੍ਰਤੀ ਏਕੜ 7500 ਰੁਪਏ ਦੀ ਮਾਲੀ ਮੱਦਦ ਦਿੱਤੀ ਜਾਵੇਗੀ। ਅੱਜ ਮੀਟਿੰਗ ਵਿੱਚ ਪੰਜਾਬ ਖੇਤੀ ’ਵਰਸਿਟੀ ਤੋਂ ਡਾਇਰੈਕਟਰ (ਖੋਜ) ਨਵਤੇਜ ਬੈਂਸ, ਡਾਇਰੈਕਟਰ (ਵਿਸਥਾਰ ਸਿੱਖਿਆ) ਡਾ. ਜਸਕਰਨ ਸਿੰਘ ਮਾਹਲ, ਵਧੀਕ ਡਾਇਰੈਕਟਰ ਦੀਦਾਰ ਸਿੰਘ ਭੱਟੀ, ਹਰਿਆਣਾ ਤੋਂ ਡਾ. ਮੌਂਗਾ ਤੇ ਡਾ. ਰਿਸ਼ੀ, ਖੇਤੀ ਮਹਿਕਮੇ ਦੇ ਸੰਯੁਕਤ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ  ਸ਼ਾਮਲ ਸਨ।