ਰੂਪਨਗਰ, 28 ਮਈ
ਇੱਥੇ ਪ੍ਰਾਚੀਨ ਮੰਦਰ ਮਾਂ ਮਨਸਾ ਦੇਵੀ ਬਰਦਾਰ ਵਿਖੇ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸੰਗਤਾਂ ਵੀ ਨਤਮਸਤਕ ਹੋਈਆਂ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਘਾੜ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ, ਜਿਸ ਨਾਲ ਇੱਥੋਂ ਦੇ ਵਸਨੀਕਾਂ ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਜਾਣਾ ਆਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਘਾੜ ਇਲਾਕੇ ਦੇ ਵਿਕਾਸ ਲਈ ਉਹ ਹਮੇਸ਼ਾ ਵਚਨਬੱਧ ਹਨ ਤੇ ਜੋ ਵੀ ਇਸ ਇਲਾਕੇ ਦੀਆਂ ਮੰਗਾਂ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਜਲਦੀ ਹੀ ਪੂਰਾ ਕਰੇਗੀ। ਇਸ ਤੋਂ ਪਹਿਲਾ ਰਾਣਾ ਕੇਪੀ ਸਿੰਘ  ਨੇ ਪ੍ਰਾਚੀਨ ਮੰਦਰ ਮਾਂ ਮਨਸਾ ਦੇਵੀ ਬਰਦਾਰ ਵਿਖੇ ਮੱਥਾ ਟੇਕਿਆ ਅਤੇ ਮੰਦਿਰ ਦੇ ਪ੍ਰਬੰਧਕ ਭਗਤ ਰਾਮ ਪ੍ਰਤਾਪ ਗਿਰੀ ਨੇ ਰਾਣਾ ਕੇਪੀ ਸਿੰਘ ਨੂੰ ਸਨਮਾਨਿਤ ਵੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੱਟ ਮਹਾਂਸਭਾ ਹਲਕਾ ਰੂਪਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਕਰਮ ਸਿੰਘ ਭੰਗਾਲਾ, ਸਪੀਕਰ ਦੇ ਪੀਆਰਓ ਅਮਰਪਾਲ ਸਿੰਘ ਬੈਂਸ, ਰਾਮ ਜੀ ਦਾਸ, ਸੁਖਵਿੰਦਰ ਸਿੰਘ ਬਿੰਦਰੱਖ, ਲਖਵੰਤ ਸਿੰਘ ਹਿਰਦਾਪੁਰੀ, ਨਿਰਮਲ ਸਿੰਘ ਸਾਬਕਾ ਸਰਪੰਚ ਪੁਰਖਾਲੀ, ਕਰਨੈਲ ਸਿੰਘ ਹਰੀਪੁਰ, ਕਾਕਾ ਸਿੰਘ ਸਰਪੰਚ ਹਰੀਪੁਰ ਵੀ ਹਾਜ਼ਰ ਸਨ।
ਇਸ ਜਾਗਰਣ ਵਿੱਚ  ਗੁਰਮੀਤ ਮਾਨ-ਪ੍ਰੀਤ ਪਾਇਲ, ਜਸਮੇਰ ਮੀਆਂਪੁਰੀ, ਮਲਕੀਤ ਹਿਰਦਾਪੁਰੀ, ਰਿੰਕੂ ਬਾਗਵਾਲੀ, ਗੁਨਾਬੀ ਮਾਨ, ਚੰਨਾ ਕਿਸ਼ਨਪੁਰੀਆ, ਬੱਲੀ ਸਿੰਘ, ਓਮਿੰਦਰ ਓਮਾ ਤੇ ਹੋਰਨਾਂ ਨੇ ਧਾਰਮਿਕ ਪੇਸ਼ਕਾਰੀਆਂ ਦੇ ਕੇ ਸਮਾਂ ਬੰਨ੍ਹਿਆ।