ਮਾਨਸਾ, 10 ਸਤੰਬਰ-ਨੇੜਲੇ ਪਿੰਡ ਖਿਆਲਾ ਕਲਾਂ ਵਿੱਚ ਅੱਜ ਸਵੇਰੇ ਜਿਮੀਂਦਾਰ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੀ ਪਤਨੀ ਅਤੇ 11 ਮਹੀਨੇ ਦੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਲਈ। ਗੁਰਪ੍ਰੀਤ ਕੌਰ ਅਤੇ ਉਸ ਦੇ ਪੁੱਤਰ ਹੈਰੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਹੈ। ਘਟਨਾ ਬਾਅਦ ਪਰਿਵਾਰ ਵਿੱਚ ਸਿਰਫ 9 ਸਾਲਾ ਲੜਕੀ ਰਹਿ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਖਿਆਲਾ ਕਲਾਂ ਦਾ ਵਾਸੀ ਜਗਵੀਰ ਸਿੰਘ ਟੈਣੀ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਘਰ ਵਿੱਚ ਅਕਸਰ ਝਗੜਾ ਹੁੰਦਾ ਸੀ। ਪਿੰਡ ਦੇ ਲੋਕਾਂ ਮੁਤਾਬਿਕ ਐਤਵਾਰ ਸਵੇਰੇ ਵੀ ਉਸ ਦਾ ਪਤਨੀ ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਉਸ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਪਤਨੀ ਗੁਰਪ੍ਰੀਤ ਕੌਰ (36), ਪੁੱਤਰ ਹੈਰੀ (11 ਮਹੀਨੇ) ਨੂੰ ਗੋਲੀ ਮਾਰ ਦਿੱਤੀ ਅਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਗੁਰਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਕੁਝ ਦੇਰ ਬਾਅਦ ਹੈਰੀ ਨੇ ਵੀ ਦਮ ਤੋੜ ਦਿੱਤਾ। ਜਗਵੀਰ ਸਿੰਘ ਟੈਣੀ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਿਥੇ ਸ਼ਾਮ ਸਮੇਂ ਉਸ ਦੀ ਵੀ ਮੌਤ ਹੋਣ ਦੀ ਖ਼ਬਰ ਆਈ ਹੈ ਪਰ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਥਾਣਾ ਸਦਰ ਮਾਨਸਾ ਦੇ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਿਤਾ ਰਾਜਪਾਲ ਸਿੰਘ ਪੁੱਤਰ ਜਗਰੂਪ ਸਿੰਘ ਦੇ ਬਿਆਨਾਂ ‘ਤੇ ਜਗਵੀਰ ਸਿੰਘ ਟੈਣੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।