ਬਠਿੰਡਾ, 22 ਅਪਰੈਲ
ਕਰਫ਼ਿਊ ਕਾਰਨ ਬਠਿੰਡਾ ’ਚ ਫਸੇ ਸੌ ਕਸ਼ਮੀਰੀਆਂ ਨੂੰ ਘਰ ਭੇਜਣ ਦੀ ਕਵਾਇਦ ਸਿਰੇ ਨਾ ਲੱਗ ਸਕੀ। ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਇਨਕਾਰ ਕੀਤੇ ਜਾਣ ’ਤੇ ਸਾਰਿਆਂ ਨੂੰ ਤਰਨਤਾਰਨ ਨੇੜਿਓਂ ਵਾਪਸ ਬਠਿੰਡੇ ਲਿਆਉਣਾ ਪਿਆ।
ਜੰਮੂ-ਕਸ਼ਮੀਰ ਦੇ ਇਨ੍ਹਾਂ ਵਸਨੀਕਾਂ ਨੂੰ ਅੱਜ ਪੀਆਰਟੀਸੀ ਦੀਆਂ ਚਾਰ ਬੱਸਾਂ ਰਾਹੀ ਘਰਾਂ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ’ਚ ਵਿਦਿਆਰਥੀ, ਮਜ਼ਦੂਰ, ਬਹਿਰੇ, ਵਪਾਰਿਕ ਕੰਮਾਂ ਅਤੇ ਹੋਰ ਧੰਦਿਆਂ ਵਿਚ ਆਏ ਮਰਦ, ਔਰਤਾਂ ਤੇ ਬੱਚੇ ਸਨ। ਬੱਸਾਂ ਨੂੰ ਰਵਾਨਾ ਕਰਨ ਵਾਲੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਬਾਅਦ ਦੁਪਹਿਰ ਬੱਸਾਂ ਵਾਪਸ ਆਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਸ਼ਮੀਰੀ ਬਾਸ਼ਿੰਦਿਆਂ ਨੂੰ ਜੰਮੂ-ਕਸ਼ਮੀਰ ਦੀ ਹਕੂਮਤ ਦੀ ਬੇਨਤੀ ’ਤੇ ਹੀ ਭੇਜਿਆ ਗਿਆ ਸੀ ਪਰ ਅੱਜ ਉਸ ਨੇ ਇਹ ਕਹਿ ਦਿੱਤਾ ਕਿ ਜਲਦੀ ਹੀ ਮਿਤੀ ਤੈਅ ਕਰਕੇ ਉਹ ਸਾਰਿਆਂ ਨੂੰ ਵਾਪਸ ਜੰਮੂ-ਕਸ਼ਮੀਰ ਬੁਲਾਉਣਗੇ।